ਗੁਰਤੇਜ ਸਿੰਘ ਸਿੱਧੂ, ਬਠਿੰਡਾ: ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਕਿਸਾਨ ਤੋਂ ਪੰਜ ਹਜ਼ਾਰ ਰੁਪਏ ਰਿਸ਼ਵਤ ਲੈ ਰਹੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਉਕਤ ਪਟਵਾਰੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਹਲਕਾ ਰਾਮਪੁਰਾ ਫੂਲ ਦੀ ਸਬ ਤਹਿਸੀਲ ਭਗਤਾ ਵਿਖੇ ਤਾਇਨਾਤ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲੂਕਾ ਦੇ ਕਿਸਾਨ ਹਰਜੀਤ ਸਿੰਘ ਪੁੱਤਰ ਬੂਟਾ ਸਿੰਘ ਦੀ ਜ਼ਮੀਨ ਦਾ ਇੰਤਕਾਲ ਸੀ, ਜਿਸ ਬਦਲੇ ਪਟਵਾਰੀ ਮੋਟੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਕਿਸਾਨ ਨੇ ਇੰਤਕਾਲ ਦਰਜ ਕਰਵਾਉਣ ਲਈ ਪਟਵਾਰੀ ਜਸਕਰਨ ਸਿੰਘ ਕੋਲ ਕਾਫ਼ੀ ਗੇੜੇ ਕੱਢੇ ਪਰ ਪਟਵਾਰੀ ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਕਰ ਰਿਹਾ ਸੀ।

ਪੀੜਤ ਕਿਸਾਨ ਨੇ ਇਸ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਬਠਿੰਡਾ ਨੂੰ ਦਿੱਤੀ, ਜਿਨ੍ਹਾਂ ਡੀਐਸਪੀ ਵਿਜੀਲੈਂਸ ਕੁਲਦੀਪ ਸਿੰਘ ਦੀ ਅਗਵਾਈ ਵਿਚ ਪਟਵਾਰੀ ਨੂੰ ਫੜ੍ਹਨ ਲਈ ਇਕ ਟੀਮ ਦਾ ਗਠਨ ਕੀਤਾ। ਵਿਜੀਲੈਂਸ ਵਿਭਾਗ ਨੇ ਕਿਸਾਨ ਹਰਜੀਤ ਸਿੰਘ ਨੂੰ ਰੰਗ ਲੱਗੇ ਨੋਟ ਰਿਸ਼ਵਤ ਵਜੋਂ ਪਟਵਾਰੀ ਨੂੰ ਦੇਣ ਲਈ ਜਾਰੀ ਕੀਤੇ। ਵੀਰਵਾਰ ਨੂੰ ਪੀੜਤ ਕਿਸਾਨ ਭਗਤਾ ਭਾਈਕਾ ਸਬ ਤਹਿਸੀਲ ਵਿਚਲੇ ਪਟਵਾਰੀ ਦੇ ਦਫ਼ਤਰ ਵਿਚ ਪੁੱਜਾ ਅਤੇ ਇੰਤਕਾਲ ਕਰਵਾਉਣ ਲਈ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ।

ਇਸ ਦੌਰਾਨ ਕਿਸਾਨ ਨੇ ਮੌਕੇ ਦੀ ਤਾਕ ਵਿਚ ਖੜ੍ਹੇ ਵਿਜੀਲੈਂਸ ਅਧਿਕਾਰੀਆਂ ਨੂੰ ਇਸ਼ਾਰਾ ਕਰ ਦਿੱਤਾ, ਜਿਸ ਤੋਂ ਬਾਅਦ ਡੀਐਸਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਵਿਜੀਲੈਂਸ ਟੀਮ ਨੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰਕੇ ਉਸ ਕੋਲੋਂ ਪੰਜ ਹਜਾਰ ਰੁਪਏ ਬਰਾਮਦ ਕਰ ਲਏ।

ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਦੀ ਸ਼ਿਕਾਇਤ ਤੋਂ ਬਾਅਦ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਟਵਾਰੀ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖਿਲਾਫ਼ ਕੁਰੱਪਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Posted By: Jagjit Singh