ਬਟਾਲਾ : ਵਿਜੀਲੈਂਸ ਟੀਮ ਨੇ ਪਿੰਡ ਮੜਿਆਂਵਾਲ ਦੇ ਇਕ ਵਿਅਕਤੀ ਤੋਂ 12 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲੇ ਪਟਵਾਰੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੜਿਆਂਵਾਲ ਵੱਲੋਂ ਵਿਜੀਲੈਂਸ ਵਿਭਾਗ ਨੂੰ ਕੀਤੀ ਗਈ ਸ਼ਿਕਾਇਤ 'ਤੇ ਸੋਮਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਕਾਰਵਾਈ ਕਰਦਿਆ ਪਟਵਾਰੀ ਸੁਰਜੀਤ ਸਿੰਘ ਤੋਂ 12 ਹਜ਼ਾਰ ਰੁਪਏ ਬਰਾਮਦ ਕੀਤੇ, ਜੋ ਉਸ ਨੇ ਵਸੀਅਤ ਨਾਮਾ ਕਰਵਾਉਣ ਲਈ ਜਗਤਾਰ ਸਿੰਘ ਕੋਲੋਂ ਲਏ ਸਨ। ਟੀਮ ਵੱਲੋਂ ਛਾਪੇਮਾਰੀ ਦੌਰਾਨ ਪਟਵਾਰੀ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਭੱਜਣ ਦਾ ਮੌਕੇ ਨਹੀਂ ਦਿੱਤਾ। ਕਾਰਵਾਈ ਦੌਰਾਨ ਪਟਵਾਰੀ ਨੇ ਆਪਣੀ ਪੱਗ ਖੁਦ ਲਾਹ ਕੇ ਟੀਮ 'ਤੇ ਪੱਗ ਲਾਹੁਣ ਦਾ ਦੋਸ਼ ਲਗਾ ਦਿੱਤਾ। ਟੀਮ ਨੇ ਮੌਕੇ ਤੋਂ ਪਟਵਾਰੀ ਦੇ ਕਰਿੰਦੇ ਰਾਜੂ ਨੂੰ ਵੀ ਗਿ੍ਰਫ਼ਤਾਰ ਕਰ ਲਿਆ।

ਜੇਕਰ ਕਾਰਵਾਈ ਨਹੀਂ ਹੋਈ ਤਾਂ ਉੱਚ ਅਧਿਕਾਰੀਆਂ ਤਕ ਕਰਾਂਗਾ ਪਹੁੰਚ : ਜਗਤਾਰ ਸਿੰਘ

ਦੂਜੇ ਪਾਸੇ ਸ਼ਿਕਾਇਤ ਕਰਨ ਵਾਲੇ ਜਗਤਾਰ ਸਿੰਘ ਦਾ ਕਹਿਣ ਹੈ ਕਿ ਜੇਕਰ ਟੀਮ ਪਟਵਾਰੀ 'ਤੇ ਕਾਰਵਾਈ ਨਹੀਂ ਕਰਦੀ ਤਾਂ ਉਹ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ। ਵਿਜੀਲੈਂਸ ਦੀ ਛਾਪੇਮਾਰੀ ਦੌਰਾਨ ਜਿਸ ਕਮਰੇ ਵਿਚ ਕਾਰਵਾਈ ਚੱਲ ਰਹੀ ਸੀ, ਉਸ ਦੇ ਬਾਹਰ ਕੁੱਝ ਪਟਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਅਖੇ ਅੱਗੇ ਵੀ ਦੇਣੇ ਹੁੰਦੇ ਨੇ ਪੈਸੇ

ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਦੇਹਾਂਤ ਹੋ ਗਿਆ ਸੀ ਅਤੇ ਮਾਮੇ ਦਾ ਪੁੱਤਰ ਇਟਲੀ ਵਿਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਮਾਮੇ ਦੇ ਪੁੱਤਰ ਦੇ ਨਾਂ ਵਸੀਅਤ ਲਈ ਉਸ ਨੇ ਪਟਵਾਰੀ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ। ਪਟਵਾਰੀ ਸੁਰਜੀਤ ਸਿੰਘ ਨੇ ਉਸ ਤੋਂ 15 ਹਜ਼ਾਰ ਰੁਪਏ ਵਸੀਅਤ ਕਰਨ ਦੇ ਮੰਗੇ ਪਰ ਬਾਅਦ ਵਿਚ ਉਨ੍ਹਾਂ ਦੀ ਗੱਲ 12 ਹਜ਼ਾਰ ਰੁਪਏ 'ਤੇ ਤੈਅ ਹੋਈ। ਇਸ ਸਬੰਧੀ ਉਸ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਸੋਮਵਾਰ ਨੂੰ ਸਵੇਰੇ 11 ਵਜੇ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀਐੱਸਪੀ ਤਜਿੰਦਰ ਸਿੰਘ ਨੇ ਟੀਮ ਦੇ ਨਾਲ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਜਗਤਾਰ ਕੋਲੋਂ ਲਏ 12 ਹਜ਼ਾਰ ਰੁਪਏ ਦੇ ਨੋਟ ਪਟਵਾਰੀ ਸੁਰਜੀਤ ਸਿੰਘ ਤੋਂ ਬਰਾਮਦ ਕੀਤੇ। ਜਗਤਾਰ ਸਿੰਘ ਨੇ ਦੱਸਿਆ ਕਿ ਪਟਵਾਰੀ ਸੁਰਜੀਤ ਸਿੰਘ ਸਾਰਿਆ ਤੋਂ ਕੰਮ ਕਰਵਾਉਣ ਦੇ ਬਦਲੇ ਵਿਚ ਰਿਸ਼ਵਤ ਲੈਂਦਾ ਹੈ।

ਲਿਖਾ-ਪੜ੍ਹੀ ਲਈ ਰੱਖਿਆ ਪਟਵਾਰੀ ਨੇ ਕਰਿੰਦਾ

ਜਗਤਾਰ ਸਿੰਘ ਨੇ ਦੱਸਿਆ ਕਿ ਪਟਵਾਰੀ ਨੇ ਅੱਗੇ ਇਕ ਰਾਜੂ ਨਾਂ ਦਾ ਕਰਿੰਦਾ ਰੱਖਿਆ ਹੋਇਆ ਹੈ, ਜੋ ਲਿਖਾ ਪੜ੍ਹੀ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪਟਵਾਰੀ ਸਿਰਫ ਦਸਤਖਤ ਹੀ ਕਰਦਾ ਹੈ। ਜਗਤਾਰ ਸਿੰਘ ਦੱਸਿਆ ਜਦ ਵੀ ਉਹ ਪਟਵਾਰੀ ਨੂੰ ਪੁੱਛਦਾ ਕਿ ਵਸੀਅਤਨਾਮੇ ਦੇ ਇੰਨੇ ਵੱਧ ਪੈਸੇ ਕਿਉਂ ਲਏ ਜਾਂਦੇ ਹਨ ਤਾਂ ਉਸ ਦਾ ਇਕ ਹੀ ਜਵਾਬ ਹੁੰਦਾ ਕਿ 'ਸਰਕਾਰ ਸਾਡੀ ਹੈ, ਅਸੀਂ ਤਾਂ ਇੰਨੇ ਹੀ ਪੈਸੇ ਲਵਾਂਗੇ ਅਤੇ ਅਸੀਂ ਅੱਗੇ ਵੀ ਇਹ ਪੈਸੇ ਦੇਣੇ ਹੁੰਦੇ ਹਨ।'

ਕੀ ਕਹਿੰਦੇ ਹਨ ਡੀਐੱਸਪੀ ਤਜਿੰਦਰ ਸਿੰਘ

ਇਸ ਸਬੰਧੀ ਜਦੋਂ ਵਿਜੀਲੈਂਸ ਵਿਭਾਗ ਦੇ ਡੀਐੱਸਪੀ ਤਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੀ ਸ਼ਿਕਾਇਤ 'ਤੇ ਟੀਮ ਵੱਲੋਂ ਛਾਪੇਮਾਰੀ ਕਰ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਅੰਮਿ੍ਰਤਸਰ ਵਿਖੇ ਪਟਵਾਰੀ ਤੇ ਕਰਿੰਦੇ 'ਤੇ ਮਾਮਲਾ ਦਰਜ ਕਰ ਲਿਆ ਗਿਆ ੈਹ।