ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਕੋਲ ਦੀ ਲੰਘਦੇ ਲਸਾੜਾ ਡਰੇਨ ਦੇ ਪਾਣੀ ਦਾ ਪੱਧਰ ਪਿਛਲੇ ਦਿਨਾਂ ਤੋਂ ਰੋਜ਼ਾਨਾ ਵਧਦਾ ਹੋਇਆ ਪਿੰਡ ਰੁਲਦੂ ਸਿੰਘ ਵਾਲਾ ਨੇੜੇ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ਦੇ ਨੇੜੇ ਪਹੁੰਚ ਚੁੱਕਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਬੇਸ਼ੱਕ ਸੰਗਤ ਦੇ ਨਾਇਬ ਤਹਿਸੀਲਦਾਰ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਰੇਨ ਦਾ ਕਈ ਵਾਰ ਮੁਆਇਨਾ ਕੀਤਾ ਗਿਆ ਹੈ, ਪਰ ਪਾਣੀ ਦੇ ਵਧ ਰਹੇ ਪੱਧਰ ਨੂੰ ਕੰਟਰੋਲ ਕਰਨ ਲਈ ਕੋਈ ਠੋਸ ਕਦਮ ਅਜੇ ਤਕ ਨਹੀਂ ਚੁੱਕਿਆ ਗਿਆ। ਇਸ ਸਬੰਧੀ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਡਰੇਨ 'ਚ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕੁਝ ਦਿਨਾਂ ਵਿਚ ਹੀ ਨੇੜਲੇ ਪਿੰਡਾਂ ਤੇ ਕਣਕ ਦੀ ਫਸਲ ਦੇ ਡੁੱਬਣ ਦਾ ਖਤਰਾ ਹੈ ਤੇ ਨਾਲ ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ 'ਤੇ ਵੀ ਪਾਣੀ ਭਰ ਸਕਦਾ ਹੈ। ਇਹ ਮਾਰਗ ਜਿੱਥੇ ਤਿੰਨ ਸੂਬਿਆਂ ਹਰਿਆਣਾ, ਦਿੱਲੀ ਤੇ ਰਾਜਸਥਾਨ ਨੂੰ ਪੰਜਾਬ ਨਾਲ ਜੋੜਦਾ ਹੈ, ਉੱਥੇ ਫੌਜ ਦਾ ਵੀ ਪ੍ਰਮੁੱਖ ਆਵਾਜਾਈ ਵਾਲਾ ਰਸਤਾ ਹੈ। ਇਲਾਕੇ ਦੇ ਲੋਕਾਂ ਵਲੋਂ ਪਿੰਡਾਂ ਨੂੰ ਬਚਾਉਣ ਲਈ ਆਪਣੇ ਪੱਧਰ 'ਤੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਨਹਿਰੀ ਵਿਭਾਗ ਦੇ ਐਕਸੀਅਨ ਕਰਤਾਰ ਚੰਦ ਤੇ ਸੰਗਤ ਦੇ ਨਾਇਬ ਤਹਿਸੀਲਦਾਰ ਕੰਵਲਦੀਪ ਸਿੰਘ ਬਰਾੜ ਵੱਲੋਂ ਬੇਸ਼ੱਕ ਦੋ ਤਿੰਨ ਵਾਰ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਗਿਆ ਹੈ, ਪਰ ਫਿਰ ਵੀ ਪ੍ਰਸ਼ਾਸਨ ਨੇ ਡਰੇਨ 'ਚ ਵਧ ਰਹੇ ਪਾਣੀ ਦੇ ਪੱਧਰ ਲਈ ਹਾਲੇ ਤਕ ਕੁਝ ਨਹੀਂ ਕੀਤਾ । ਜਦੋਂ ਇਸ ਸਬੰਧੀ ਸੰਗਤ ਦੇ ਨਾਇਬ ਤਹਿਸੀਲਦਾਰ ਕੰਵਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਉਨ੍ਹਾਂ ਕਿਹਾ ਕਿ ਲਸਾੜਾ ਡਰੇਨ ਪਿੱਛੋਂ ਬਰਨਾਲਾ ਤੋਂ ਚੱਲਦੀ ਹੈ ਅਤੇ ਬਹੁਤ ਸਾਰੇ ਪਿੰਡਾਂ ਦਾ ਪਾਣੀ ਇਸ ਡਰੇਨ ਵਿਚ ਪੈਂਦਾ ਹੈ, ਜਿਸ ਕਾਰਨ ਪਾਣੀ ਰੋਕਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੌਕਸ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।