ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ : ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ ਦੌਰਾਨ ਤਖਤ ਸਾਹਿਬ 'ਤੇ ਨਤਮਸਤਕ ਹੋਣ ਆਏ ਸ਼੍ਰੋਮਣੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੁੱਝ ਲੋਕਾਂ ਨੇ ਵਿਰੋਧ ਕੀਤਾ।

ਬਾਦਲ ਜੋੜੇ ਦੇ ਆਉਣ ਤੋਂ ਪਹਿਲਾਂ ਹੀ ਉਕਤ ਵਿਅਕਤੀ ਤਖਤ ਸਾਹਿਬ 'ਤੇ ਪਹੁੰਚੇ ਹੋਏ ਸਨ। ਉਨ੍ਹਾਂ ਦੇ ਪਹੁੰਚਣ 'ਤੇ ਕੁੱਝ ਲੋਕਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਤਖਤ ਸਾਹਿਬ ਪੁੱਜਣ 'ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਦੀ ਅਗਵਾਈ ਵਿਚ ਅਕਾਲੀ ਵਰਕਰਾਂ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦਾ ਸਵਾਗਤ ਕੀਤਾ ਉੱਥੇ ਤਖਤ ਸਾਹਿਬ ਪ੍ਰਬੰਧਕਾਂ ਨੇ ਸਿਰੋਪਾਉ ਦੀ ਬਖਸ਼ਿਸ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਣਕ ਦੀ ਸਿੱਧੀ ਅਦਾਇਗੀ ਦੇ ਮਸਲੇ ਅਤੇ ਰੂਰਲ ਡਿਵੈਲਪਮੈਂਟ ਫੰਡ ਸਮੇਤ ਸੂਬੇ ਦੇ ਕਈ ਹੋਰ ਮਸਲਿਆਂ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਹਨ। ਕੇਂਦਰ ਨੇ ਸੂਬੇ ਨੂੰ ਮਿਲਣ ਵਾਲਾ ਰੂਰਲ ਡਿਵੈਲਪਮੈਂਟ ਫੰਡ 4 ਫੀਸਦੀ ਤੋਂ ਘਟਾ ਕੇ ਇਕ ਫੀਸਦੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਕੋਈ ਵਿਰੋਧ ਨਹੀਂ ਪ੍ਰਗਟਾਇਆ।

ਕਣਕ ਦੀ ਖਰੀਦ ਮਸਲੇ 'ਤੇ ਵੀ ਪੰਜਾਬ ਸਰਕਾਰ ਨੂੰ ਨਾਲਾਇਕ ਦੱਸਦਿਆਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਨਾਲੋਂ ਦੇਰੀ ਨਾਲ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਪਰ ਅਜੇ ਤਕ ਵੀ ਬਹੁਤੀਆਂ ਮੰਡੀਆਂ ਵਿਚ ਜਾਂ ਤਾਂ ਬਾਰਦਾਨਾ ਨਹੀਂ ਪੁੱਜਾ ਜਾਂ ਫਿਰ ਕਣਕ ਦੀ ਖਰੀਦ ਸ਼ੁਰੂ ਨਹੀ ਹੋ ਸਕੀ। ਕਿਸਾਨ ਕਣਕਾਂ ਲੈ ਕੇ ਮੰਡੀਆਂ ਵਿਚ ਖੱਜਲ-ਖੁਆਰ ਹੋ ਰਹੇ ਨੇ ਜਦੋਂਕਿ ਮੁੱਖ ਮੰਤਰੀ ਸਾਹਿਬ ਆਪਣੇ ਫਾਰਮ ਹਾਊਸ ਤੋਂ ਬਾਹਰ ਹੀ ਨਹੀਂ ਨਿਕਲ ਰਹੇ।

2022 ਵਿਧਾਨ ਸਭਾ ਚੋਣਾਂ ਵਿਚ ਕਿਸੇ ਸਿਆਸੀ ਧਿਰ ਨਾਲ ਗਠਜੋੜ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਗੱਲ ਚੱਲ ਰਹੀ ਹੈ ਜਦੋਂ ਗਠਜੋੜ ਸਿਰੇ ਚੜ੍ਹ ਗਿਆ ਤਾਂ ਦੱਸ ਦੇਵਾਂਗੇ।

ਇਸ ਮੌਕੇ ਉਨ੍ਹਾਂ ਨਾਲ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ,, ਸੀਨੀਅਰ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ,, ਜ਼ਿਲ੍ਹਾ ਅਕਾਲੀ ਦਲ ਬਠਿੰਡਾ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ,, ਸਟੇਟ ਡੈਲੀਗੇਟ ਜਗਸੀਰ ਸਿੰਘ ਜੱਗਾ ਕਲਿਆਣ ਤੇ ਮੋਹਣ ਸਿੰਘ ਬੰਗੀ ਮੈਂਬਰ ਸ਼ੋ੍ਮਣੀ ਕਮੇਟੀ ਆਦਿ ਮੌਜੂਦ ਸਨ।

Posted By: Jagjit Singh