ਦੀਪਕ ਸ਼ਰਮਾ, ਬਠਿੰਡਾ : ਕਰੇਨ 'ਤੇ ਚੜ੍ਹ ਕੇ ਫਲੈਕਸ ਬੋਰਡ ਲਾ ਰਹੇ ਦਿਹਾੜੀਦਾਰ ਮਜ਼ਦੂਰ ਦੀ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਕੇ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਕਰੇਨ ਚਾਲਕ ਦੇ ਖਿਲਾਫ ਲਾਪ੍ਰਵਾਹੀ ਵਰਤਦਿਆਂ ਹੋਇਆਂ ਇਕ ਵਿਅਕਤੀ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮਿ੍ਤਕ ਦੀ ਪਤਨੀ ਦੇ ਬਿਆਨ ਲੈਣ ਤੋਂ ਬਾਅਦ ਅਮਲ ਵਿਚ ਲਿਆਂਦੀ ਹੈ। ਜਾਣਕਾਰੀ ਅਨੁਸਾਰ ਮਹਿੰਦਰ ਕੁਮਾਰ ਵਾਸੀ ਬੇਅੰਤ ਨਗਰ ਦਿਹਾੜੀਦਾਰ ਮਜ਼ਦੂਰ ਸੀ। ਸ਼ੁੱਕਰਵਾਰ ਨੂੰ ਉਕਤ ਵਿਅਕਤੀ ਫਲੈਕਸ ਬੋਰਡ ਲਾਉਣ ਲਈ ਦਿਹਾੜੀ 'ਤੇ ਗਿਆ ਸੀ। ਇਸ ਦੌਰਾਨ ਉਹ ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਕਾਰਾਂ ਦੀ ਏਜੰਸੀ ਦੇ ਕੋਲ ਕਰੇਨ 'ਤੇ ਚੜ੍ਹ ਕੇ ਫਲੈਕਸ ਬੋਰਡ ਲਾ ਰਿਹਾ ਸੀ। ਇਸ ਦੌਰਾਨ ਕਰੇਨ ਚਾਲਕ ਗੁਰਚਰਨ ਸਿੰਘ ਨੇ ਲਾਪ੍ਰਵਾਹੀ ਵਰਤਦਿਆਂ ਹੋਇਆਂ ਕਰੇਨ ਨੂੰ ਬਿਜਲੀ ਦੀਆਂ ਤਾਰਾਂ ਦੇ ਕੋਲ ਕਰ ਦਿੱਤਾ, ਜਿਸ ਕਾਰਨ ਮਹਿੰਦਰ ਕੁਮਾਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਕਬੀਰ ਹਾਲਤ ਵਿਚ ਉਕਤ ਵਿਅਕਤੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਇਸ ਸਬੰਧੀ ਹੌਲਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਬਿਮਲਾ ਰਾਣੀ ਦੇ ਬਿਆਨ 'ਤੇ ਕਥਿਤ ਦੋਸ਼ੀ ਗੁਰਚਰਨ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਹੈ।