ਹਰਭਜਨ ਸਿੰਘ ਖਾਲਸਾ, ਤਲਵੰਡੀ ਸਾਬੋ : ਲਾਕਡਾਊਨ ਖੁੱਲ੍ਹਣ ਤੋਂ ਬਾਅਦ ਸੜਕ ਹਾਦਸਿਆਂ ਵਿੱਚ ਫਿਰ ਤੋਂ ਇਜ਼ਾਫਾ ਹੋਣ ਲੱਗਿਆ ਹੈ। ਅਜੇ ਤਕ ਤਾਂ ਰਾਮਨਗਰ ਹਾਦਸੇ ਦੇ ਹੰਝੂ ਨਹੀਂ ਸੁੱਕੇ ਸਨ ਕਿ ਤਲਵੰਡੀ ਸਾਬੋ ਵਿੱਚ ਰਾਤ ਇੱਕ ਹੋਰ ਸੜਕ ਹਾਦਸਾ ਹੋ ਗਿਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਗੁਰਦਾਸ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਕੁਸਲਾ ਦਾ ਨੌਜਵਾਨ ਮਨਜਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਆਪਣੀ ਭੂਆ ਦੇ ਦੋ ਲੜਕਿਆਂ ਨੂੰ ਆਪਣੀ ਆਲਟੋ ਗੱਡੀ ਰਾਹੀਂ ਤਲਵੰਡੀ ਸਾਬੋ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਆਪਣੇ ਦਾਦਾ ਮਹਿੰਦਰ ਸਿੰਘ ਦੀ ਰੋਟੀ ਲੈ ਕੇ ਜਾ ਰਹੇ ਸਨ ਤੇ ਅਚਾਨਕ ਗੱਡੀ ਫਿਸਲ ਜਾਣ ਕਰਕੇ ਇੱਕ ਦਰੱਖਤ ਨਾਲ ਜਾ ਟਕਰਾਈ। ਗੱਡੀ ਐਨੀ ਜ਼ੋਰ ਨਾਲ ਦਰੱਖਤ ਵਿੱਚ ਲੱਗੀ ਕਿ ਮਨਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਨਾਲ ਵਾਲੇ ਦੋਨੋਂ ਨੌਜਵਾਨਾਂ ਦੇ ਕੋਈ ਵੀ ਚੋਟ ਨਹੀਂ ਲੱਗੀ। ਇਹ ਘਟਨਾ ਬੀਤੀ ਰਾਤ 11.22 ਦੀ ਹੈ। ਰਾਤ ਹੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਸੀ। ਦੱਸ ਦੇਈਏ ਕਿ ਮਨਿੰਦਰ ਸਿੰਘ ਦਾ ਪੰਜ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

Posted By: Ramanjit Kaur