ਪੱਤਰ ਪੇ੍ਰਕ, ਰਾਮਾਂ ਮੰਡੀ : ਨੇੜਲੇ ਪਿੰਡ ਤਰਖਾਣਵਾਲਾ ਵਿਖੇ ਇਕ ਪਰਿਵਾਰ ਵੱਲੋਂ ਰਾਤ ਸਮੇਂ ਘਰ 'ਚ ਬਣਾਈ ਖੀਰ ਖਾਣ ਤੋਂ ਕੁਝ ਸਮੇਂ ਬਾਅਦ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਮੈਕਸ ਹਸਪਤਾਲ ਬਠਿੰਡਾ ਵਿਚ ਦਾਖ਼ਲ ਨੌਜਵਾਨ ਲਖਵਿੰਦਰ ਸਿੰਘ (25) ਪੁੱਤਰ ਬਲਜੀਤ ਸਿੰਘ ਵਾਸੀ ਤਰਖਾਣਵਾਲਾ ਦੀ ਵੀਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਰਖਾਣਵਾਲਾ ਵਾਸੀ ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੇ ਪਰਿਵਾਰ ਵੱਲੋਂ ਰਾਤ ਸਮੇਂ ਆਪਣੇ ਘਰ 'ਚ ਖੀਰ ਬਣਾਈ ਗਈ ਸੀ ਜੋ ਬਲਜੀਤ ਸਿੰਘ, ਉਸਦੀ ਪਤਨੀ ਗੁਰਮੀਤ ਕੌਰ, ਪੁੱਤਰ ਲਖਵਿੰਦਰ ਸਿੰਘ, ਨੂੰਹ ਸੁਖਜਿੰਦਰ ਕੌਰ ਆਦਿ ਨੇ ਖਾ ਲਈ ਪਰ ਛੋਟੀ ਉਮਰ ਦੀ ਪੋਤਰੀ ਨੇ ਖੀਰ ਨਹੀਂ ਖਾਧੀ। ਖੀਰ ਖਾਣ ਤੋਂ ਕੁਝ ਸਮੇਂ ਬਾਅਦ ਅਚਾਨਕ ਉਕਤ ਚਾਰਾਂ ਜੀਆਂ ਨੂੰ ਉਲਟੀਆਂ ਲੱਗ ਗਈਆਂ ਅਤੇ ਹਾਲਤ ਵਿਗੜਦੀ ਗਈ।

ਉਨ੍ਹਾਂ ਨੂੰ ਇਲਾਜ ਲਈ ਤੁਰੰਤ ਰਾਮਾਂ, ਤਲਵੰਡੀ ਸਾਬੋ ਅਤੇ ਬਠਿੰਡਾ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਵੀਰਵਾਰ ਨੂੰ ਲਖਵਿੰਦਰ ਸਿੰਘ ਦੀ ਮੈਕਸ ਹਸਪਤਾਲ ਬਠਿੰਡਾ ਵਿਚ ਇਲਾਜ ਦੌਰਾਨ ਮੌਤ ਹੋ ਗਈ ਪਰ ਬਾਕੀ ਤਿੰਨ ਜੀਆਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਰਿਫਾਇਨਰੀ ਪੁਲਿਸ ਚੌਕੀ ਇੰਚਾਰਜ ਗੁਰਦੀਪ ਸਿੰਘ ਏਐਸਆਈ ਨੇ ਦੱਸਿਆ ਕਿ ਘਟਨਾ ਬਾਰੇ ਜਾਂਚ ਜਾਰੀ ਹੈ।