ਜਸਪਾਲ ਸਿੰਘ ਸਿੱਧੂ, ਭੁੱਚੋ ਮੰਡੀ : ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਰਿਸਰਚ ਤੇ ਹਸਪਤਾਲ ਭੁੱਚੋ ਕਲਾਂ ਵਿਖੇ ਇਕ ਨੌਜਵਾਨ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੇ ਆਮ ਲੋਕਾਂ ਨੇ ਮੌਤ ਦਾ ਕਾਰਨ ਡਾਕਟਰਾਂ ਦੀ ਲਾਪ੍ਰਵਾਹੀ ਦੱਸਦਿਆਂ ਹਸਪਤਾਲ ਦੇ ਮੁੱਖ ਗੇਟ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਹਸਪਤਾਲ ਦੇ ਪ੍ਰਬੰਧਕਾਂ ਅਤੇ ਡਾਕਟਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਕਮਾਲੂ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਲੜਕੀ ਅਮਨਦੀਪ ਕੌਰ (18) ਪੁੱਤਰੀ ਜਗਸੀਰ ਸਿੰਘ ਜੋ ਕਿ ਪਿੰਡ ਦਾ ਚੌਂਕੀਦਾਰ ਹੈ ਤੇ ਗਰੀਬ ਹੈ, ਨੂੰ ਸੈੱਲ ਘਟਣ ਕਾਰਨ ਤਿੰਨ ਦਿਨ ਪਹਿਲਾਂ ਇਲਾਜ ਲਈ ਦਾਖ਼ਲ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਜਦ ਉਸ ਨੂੰ ਟੀਕਾ ਲਾਇਆ ਤਾਂ ਉਹ ਬੇਹੋਸ਼ ਹੋ ਗਈ ਤੇ 16 ਸਤੰਬਰ ਦੀ ਰਾਤ ਨੂੰ 11 ਵਜੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਹਸਪਤਾਲ ਪ੍ਰਬੰਧਕਾਂ ਨੇ 48 ਹਜ਼ਾਰ ਰੁਪਏ ਦਾ ਬਿੱਲ ਬਣਾ ਦਿੱਤਾ ਜਿਸ 'ਚੋਂ ਉਨ੍ਹਾਂ ਨੇ 13 ਹਜ਼ਾਰ ਰੁਪਏ ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਜਿਆਦਾ ਬਿੱਲ ਦਾ ਰੌਲਾ ਪਾਉਣ ਤੇ ਇਤਰਾਜ਼ ਕਰਨ ਤੇ ਉਨ੍ਹਾਂ ਨੇ 8 ਹਜ਼ਾਰ ਹੋਰ ਘਟਾ ਦਿੱਤੇ ਤੇ 27 ਹਜ਼ਾਰ ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਮਜਬੂਰ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਲੜਕੀ ਦਾ ਪਿਤਾ ਜਗਸੀਰ ਸਿੰਘ ਗਰੀਬ ਹੋਣ ਕਾਰਨ ਉਹ ਹੋਰ ਪੈਸੇ ਦੇਣ ਤੋਂ ਅਸਮਰੱਥ ਹੈ। ਹਸਪਤਾਲ ਪ੍ਰਬੰਧਕਾਂ ਨੇ ਪੈਸੇ ਜਮ੍ਹਾਂ ਕਰਵਾਏ ਬਿਨਾਂ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਰਿਵਾਰਕ ਮੈਂਬਰ ਤੇ ਆਮ ਲੋਕ ਭੜਕ ਉੱਠੇ। ਉਨ੍ਹਾਂ ਕਿਹਾ ਕਿ ਲੜਕੀ ਦੀ ਮੌਤ ਡਾਕਟਰਾਂ ਦੀ ਨਿਰੋਲ ਲਾਪ੍ਰਵਾਹੀ ਕਾਰਨ ਹੋਈ ਹੈ। ਇਸ ਸਮੱਸਿਆ ਨੂੰ ਲੈ ਕੇ ਉਹ ਅੱੈਮਡੀ ਗੁਰਪ੍ਰਰੀਤ ਸਿੰਘ ਗਿੱਲ ਨੂੰ ਵੀ ਮਿਲ ਚੁੱਕੇ ਹਨ, ਪਰ ਉਨ੍ਹਾਂ ਨੇ ਗਰੀਬ ਦੀ ਮਦਦ ਕਰਨ ਲਈ ਕੋਈ ਕਦਮ ਨਹੀਂ ਚੁੱਕੇ। ਉਨ੍ਹਾਂ ਡਾਕਟਰਾਂ ਨੂੰ ਇਹ ਵੀ ਕਿਹਾ ਕਿ ਜੇਕਰ ਲੜਕੀ ਦੀ ਹਾਲਤ ਜ਼ਿਆਦਾ ਗੰਭੀਰ ਹੈ, ਤਾਂ ਉਹ ਫਰੀਦਕੋਟ ਲਈ ਰੈਫ਼ਰ ਕਰ ਦੇਣ। ਪ੍ਰੰਤੂ ਉਨ੍ਹਾਂ ਨੇ ਹਾਲਤ ਨੂੰ ਜ਼ਿਆਦਾ ਗੰਭੀਰ ਦੱਸਦਿਆਂ ਰੈਫ਼ਰ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਲੜਕੀ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ ਤੇ ਲੜਕੀ ਦੀ ਲਾਸ਼ ਵਾਰਸਾਂ ਨੂੰ ਸੌਂਪੀ ਜਾਵੇ। ਇਸ ਮੌਕੇ ਥਾਣਾ ਛਾਉਣੀ ਦੇ ਐੱਸਐੱਚਓ ਹਰਜੀਤ ਸਿੰਘ ਨੇ ਧਰਨਾਕਾਰੀਆਂ ਤੇ ਪ੍ਰਬੰਧਕਾਂ ਨਾਲ ਸਮਝੌਤਾ ਕਰਵਾਉਣ ਲਈ ਗੱਲਬਾਤ ਕੀਤੀ ਜੋ ਖ਼ਬਰ ਲਿਖੇ ਜਾਣ ਤਕ ਸਿਰੇ ਨਾ ਚੜ੍ਹੀ। ਖ਼ਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।

ਹਸਪਤਾਲ ਦੇ ਡੀਜੀਐਮ ਪ੍ਰਰੇਮ ਲਾਲ ਨੇ ਦੱਸਿਆ ਕਿ ਇਸ ਮਰੀਜ਼ 27 ਹਜ਼ਾਰ ਦਾ ਬਿੱਲ ਬਿਲਕੁੱਲ ਜਾਇਜ਼ ਹੈ ਅਤੇ ਪ੍ਰਬੰਧਕਾਂ ਨੇ ਬਣਦੀ ਛੋਟ ਵੀ ਕਰ ਦਿੱਤੀ ਹੈ। ਉਕਤ ਵਿਅਕਤੀਆਂ ਵੱਲੋਂ ਲਾਏ ਜਾ ਰਹੇ ਦੋਸ਼ ਝੂਠੇ ਹਨ।