ਗੁਰਤੇਜ ਸਿੰਘ ਸਿੱਧੂ, ਬਠਿੰਡਾ : ਨਾਜਾਇਜ਼ ਇਮਾਰਤਾਂ ਵਿਰੁੱਧ ਕਾਰਵਾਈ ਨਾ ਕਰਨ ਨੂੰ ਲੈ ਕੇ ਲੰਮੇ ਸਮੇਂ ਤੋਂ ਖਾਮੋਸ਼ ਰਹੀ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਮੁੜ ਸਰਗਰਮ ਹੋ ਗਈ ਹੈ। ਨਿਗਮ ਕਮਿਸ਼ਨਰ ਰਾਹੁਲ ਦੇ ਹੁਕਮਾਂ 'ਤੇ ਮੰਗਲਵਾਰ ਨੂੰ ਦੂਜੇ ਦਿਨ ਵੀ ਨਿਗਮ ਦੀ ਪੂਰੀ ਬਿਲਡਿੰਗ ਬ੍ਾਂਚ ਟੀਮ ਨੇ ਫੀਲਡ 'ਚ ਜਾ ਕੇ ਨਿਯਮਾਂ ਦੇ ਉਲਟ ਬਣ ਰਹੀਆਂ ਇਮਾਰਤਾਂ 'ਤੇ ਕਾਰਵਾਈ ਕੀਤੀ। ਮੰਗਲਵਾਰ ਨੂੰ ਨਿਗਮ ਦੀ ਟੀਮ ਵੱਲੋਂ ਤਿੰਨ ਇਮਾਰਤਾਂ ਨੂੰ ਸੀਲ ਕਰ ਕੇ ਇਕ ਇਮਾਰਤ ਨੂੰ ਢਾਹ ਦਿੱਤਾ ਗਿਆ, ਜਦਕਿ ਮਹਾਵੀਰ ਦਲ ਦੀ ਬਣ ਰਹੀ ਇਮਾਰਤ ਨੂੰ ਇਕ ਦਿਨ ਦਾ ਸਮਾਂ ਦਿੱਤਾ ਗਿਆ, ਤਾਂ ਜੋ ਉਹ ਖੁਦ ਆਪਣੀ ਇਮਾਰਤ ਦੇ ਉਕਤ ਹਿੱਸੇ ਨੂੰ ਢਾਹ ਸਕੇ, ਜੋ ਕਿ ਨਿਯਮਾਂ ਦੇ ਉਲਟ ਹੈ। ਬਿਲਡਿੰਗ ਬ੍ਾਂਚ ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ 'ਚ ਹੜਕੰਪ ਮਚ ਗਿਆ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿਚ ਨਿਯਮਾਂ ਦੇ ਉਲਟ ਬਣ ਰਹੀਆਂ ਇਮਾਰਤਾਂ ਖ਼ਿਲਾਫ਼ ਉਨਾਂ੍ਹ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ। ਆਉਣ ਵਾਲੇ ਦਿਨਾਂ ਵਿਚ ਹੋਰ ਇਮਾਰਤਾਂ ਨੂੰ ਸੀਲ ਕਰਨ ਤੋਂ ਇਲਾਵਾ ਇਨਾਂ੍ਹ ਨੂੰ ਢਾਹ ਦਿੱਤਾ ਜਾਵੇਗਾ। ਇਸ ਦੌਰਾਨ ਐਮਟੀਪੀ ਬਿੰਦਰਾ, ਰਜਿੰਦਰ ਕੁਮਾਰ, ਬਿਲਡਿੰਗ ਇੰਸਪੈਕਟਰ ਕਿਰਨਦੀਪ, ਰਮਨਦੀਪ, ਅਨੂ ਬਾਲਾ ਹਾਜ਼ਰ ਸਨ। ਮੰਗਲਵਾਰ ਨੂੰ ਬਿਲਡਿੰਗ ਬ੍ਾਂਚ ਦੇ ਦੋਵੇਂ ਐਮਟੀਪੀ., ਏਟੀਪੀ., ਬਿਲਡਿੰਗ ਇੰਸਪੈਕਟਰ ਜੇਸੀਬੀ ਦੇ ਨਾਲ ਆਪੋ-ਆਪਣੇ ਖੇਤਰ ਵਿਚ ਪਹੁੰਚੇ। ਸਭ ਤੋਂ ਪਹਿਲਾਂ ਨਿਗਮ ਨੇ ਅਜੀਤ ਰੋਡ 'ਤੇ ਸਥਿਤ ਨਵਨਿਰਮਾਣ ਦੋ ਮੰਜ਼ਿਲਾ ਇਮਾਰਤ ਨੂੰ ਸੀਲ ਕਰ ਦਿੱਤਾ। ਨਿਗਮ ਅਨੁਸਾਰ ਉਕਤ ਇਮਾਰਤ ਦਾ ਸੀਐੱਲਯੂ ਪਾਸ ਹੋ ਚੁੱਕਾ ਹੈ ਅਤੇ ਇਸ ਦਾ ਨਕਸ਼ਾ ਵੀ ਅਪਲਾਈ ਕੀਤਾ ਜਾ ਚੁੱਕਾ ਹੈ, ਪਰ ਬਿਲਡਿੰਗ ਮਾਲਕ ਵਲੋਂ ਸੀਐੱਲਯੂ ਦੇ ਪੈਸੇ ਨਿਗਮ ਦੇ ਖਾਤੇ ਵਿਚ ਜਮ੍ਹਾ ਨਹੀਂ ਕਰਵਾਏ ਗਏ, ਜਿਸ ਕਾਰਨ ਉਸ ਨੂੰ ਸੀਐਲਯੂ. ਜਮ੍ਹਾ ਕਰਵਾਉਣ ਲਈ ਕਈ ਵਾਰ ਨੋਟਿਸ ਭੇਜੇ ਗਏ। ਪੈਸੇ ਨਾ ਭਰਨ ਕਾਰਨ ਉਸ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਇਸੇ ਤਰਾਂ੍ਹ ਜੀਟੀ ਰੋਡ 'ਤੇ ਤਿੰਨ ਸਿਨੇਮਾ ਘਰਾਂ ਦੇ ਪਿੱਛੇ ਬਣੀ ਮਾਰਕੀਟ ਦੀ ਇਕ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਉਕਤ ਬਿਲਡਿੰਗ ਮਾਲਕ ਨੇ ਨਿਗਮ ਵੱਲੋਂ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਇਮਾਰਤ ਦੀ ਉਸਾਰੀ ਕੀਤੀ ਸੀ। ਇਸੇ ਤਰਾਂ੍ਹ ਸ਼ਕਤੀ ਨਗਰ ਵਿਚ ਤੀਜੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਉਕਤ ਇਮਾਰਤ ਪਾਸ ਨਕਸ਼ੇ ਦੇ ਉਲਟ ਬਣਾਈ ਜਾ ਰਹੀ ਸੀ, ਜਿਸ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ ਪਰ ਨਕਸ਼ੇ ਅਨੁਸਾਰ ਉਸਾਰੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਗੁਰੂਕੁਲ ਰੋਡ 'ਤੇ ਚੌਥੀ ਇਮਾਰਤ 'ਤੇ ਵੀ ਕਾਰਵਾਈ ਕੀਤੀ ਗਈ। ਇਸ ਇਮਾਰਤ ਦਾ ਨਕਸ਼ਾ ਰਿਹਾਇਸ਼ੀ ਸੀ ਪਰ ਇਮਾਰਤ ਮਾਲਕ ਵੱਲੋਂ ਇਸ ਨੂੰ ਕਮਰਸ਼ੀਅਲ ਇਮਾਰਤ ਵਜੋਂ ਬਣਾਇਆ ਜਾ ਰਿਹਾ ਸੀ। ਇਸ ਕਾਰਨ ਨਿਗਮ ਨੇ ਜੇਸੀਬੀ ਦੀ ਮਦਦ ਨਾਲ ਉਕਤ ਇਮਾਰਤ ਦੇ ਕੁਝ ਹਿੱਸੇ ਨੂੰ ਢਾਹ ਦਿੱਤਾ।
ਬਾਕਸ
ਰਾਜਨ ਗਰਗ ਦੀ ਅਧਿਕਾਰੀਆਂ ਨਾਲ ਹੋਈ ਬਹਿਸ
ਦੂਜੇ ਪਾਸੇ ਹਨੂੰਮਾਨ ਚੌਕ ਨੇੜੇ ਸਥਿਤ ਸ਼੍ਰੀ ਮਹਾਵੀਰ ਦਲ ਦੀ ਜਗ੍ਹਾ 'ਤੇ ਬਣ ਰਹੀ ਕਮਰਸ਼ੀਅਲ ਬਿਲਡਿੰਗ ਦਾ ਕੰਮ ਨਿਗਮ ਵੱਲੋਂ ਰੋਕ ਦਿੱਤਾ ਗਿਆ। ਭਾਵੇਂ ਉਕਤ ਇਮਾਰਤ ਨੂੰ ਢਾਹੁਣ ਲਈ ਨਿਗਮ ਦੀ ਟੀਮ ਵੀ ਪਹੁੰਚ ਗਈ ਸੀ ਪਰ ਮੌਕੇ 'ਤੇ ਪੁੱਜੇ ਸ੍ਰੀ ਮਹਾਂਵੀਰ ਦਲ ਦੇ ਪ੍ਰਧਾਨ ਤੇ ਬਠਿੰਡਾ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਉਕਤ ਇਮਾਰਤ ਦੀ ਉਸਾਰੀ ਨਕਸ਼ੇ ਅਨੁਸਾਰ ਸਹੀ ਹੋ ਰਹੀ ਹੈ। ਜਦਕਿ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਇਮਾਰਤ ਦੀ ਉਸਾਰੀ ਯੋਜਨਾ ਅਨੁਸਾਰ ਨਹੀਂ ਕੀਤੀ ਜਾ ਰਹੀ ਹੈ। ਨਿਗਮ ਅਧਿਕਾਰੀਆਂ ਮੁਤਾਬਕ ਉਨਾਂ੍ਹ ਨੇ ਸਾਢੇ 16 ਫੁੱਟ ਜਗ੍ਹਾ ਛੱਡਣੀ ਸੀ, ਜੋ ਨਹੀਂ ਛੱਡੀ ਗਈ। ਦੋਵਾਂ ਧਿਰਾਂ ਦੀ ਕਾਫੀ ਬਹਿਸ ਤੋਂ ਬਾਅਦ ਨਿਗਮ ਨੇ ਉਕਤ ਇਮਾਰਤ ਦੇ ਕਾਗਜ਼ਾਤ ਪੇਸ਼ ਕਰਨ ਲਈ ਮਹਾਵੀਰ ਦਲ ਦੇ ਮੁਖੀ ਰਾਜਨ ਗਰਗ ਨੂੰ ਇਕ ਦਿਨ ਦਾ ਸਮਾਂ ਦਿੱਤਾ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਖੁਦ ਨਿਯਮਾਂ ਦੇ ਉਲਟ ਬਣੀ ਇਮਾਰਤ ਦੇ ਹਿੱਸੇ ਨੂੰ ਨਾ ਢਾਹੁਣ ਤਾਂ ਉਹ ਦੁਬਾਰਾ ਆ ਕੇ ਇਸ ਨੂੰ ਢਾਹ ਦੇਣਗੇ।