ਗੁਰਤੇਜ ਸਿੰਘ ਸਿੱਧੂ, ਬਠਿੰਡਾ : ਆਪਣੇ ਅੰਦਰ 1900 ਸਾਲਾਂ ਦਾ ਇਤਿਹਾਸ ਸਮੋਈ ਬੈਠੇ ਬਠਿੰਡਾ ਦੇ ਕਿਲ੍ਹਾ ਮੁਬਾਰਕ ਦੀ ਸਮੇਂ ਦੀਆਂ ਸਰਕਾਰਾਂ ਵੱਲੋਂ ਸਾਰ ਨਾ ਲਏ ਜਾਣ ਕਾਰਨ ਇਸਦੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਕਿਲ੍ਹੇ ਦਾ ਕਾਫ਼ੀ ਹਿੱਸਾ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਭਾਵੇਂ ਹੁਣ ਕਿਲ੍ਹੇ ਅੰਦਰ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਪਰ ਕਈ ਥਾਵਾਂ ਤੋਂ ਬਾਹਰੀ ਚਾਰਦਿਵਾਰੀ ਤੇ ਬੁਰਜ ਢਹਿ ਢੇਰੀ ਹੋ ਰਹੇ ਹਨ। ਹੁਣ ਮੀਂਹ ‘ਤੇ ਮਜਦੂਰਾਂ ਦੀ ਘਾਟ ਕਾਰਨ ਇਕ ਵਾਰ ਫਿਰ ਕਿਲ੍ਹੇ ਦੀ ਮੁਰੰਮਤ ਦਾ ਕੰਮ ਰੁਕ ਗਿਆ ਹੈ। ਹਰ ਸਾਲ ਬਰਸਾਤਾਂ ’ਚ ਕਿਲੇ ਦਾ ਕੋਈ ਨਾ ਕੋਈ ਹਿੱਸਾ ਡਿੱਗ ਰਿਹਾ ਹੈ। ਧੋਬੀਘਾਟ ਵਾਲੇ ਪਾਸੇ ਤਾਂ ਹਾਲਾਤ ਹੋਰ ਵੀ ਮਾੜੇ ਹਨ ਕਈ ਥਾਵਾਂ ਤੋਂ ਕਿਲੇ ਦਾ ਵੱਡਾ ਹਿੱਸਾ ਡਿੱਗ ਚੁੱਕਾ ਹੈ। ਲੋਕਾਂ ਦੀ ਉਮੀਦ ਅਨੁਸਾਰ ਕਿਲ੍ਹੇ ਨੂੰ ਬਚਾਉਣ ਲਈ ਕੰਮ ਨਹੀਂ ਹੋ ਰਿਹਾ।

1900 ਸਾਲ ਤੋਂ ਵੱਧ ਪੁਰਾਣਾ ਹੈ ਕਿਲ੍ਹਾ

ਇਤਿਹਾਸਕਾਰਾਂ ਮੁਤਾਬਕ ਇਸ ਕਿਲ੍ਹੇ ਨੂੰ ਰਾਜਾ ਦਾਬ ਨੇ 90-110 ਈਸਵੀ ਵਿਚਕਾਰ ਬਣਾਇਆ ਸੀ। ਰਾਜਾ ਵਿਨੈ ਪਾਲ ਕਾਰਨ ਇਸ ਕਿਲ੍ਹੇ ਦਾ ਨਾਂ ਵਿਕਰਮਗੜ੍ਹ ਪਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲੇ ਦਾ ਨਾਂ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿਚ ਭੱਟੀ ਰਾਓ ਰਾਜਪੂਤ ਨੇ ਕਿਲ੍ਹੇ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀਵਿੰਡਾ ਰੱਖਿਆ। ਇਸ ਕਰਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ। 22 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਿਲ੍ਹੇ ਵਿਚ ਚਰਨ ਪਾਏ ਸਨ। ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰੱਖਿਆ। ਬੇਗਮ ਰਜ਼ੀਆ ਸੁਲਤਾਨਾ 1239 ਤੋਂ 1240 ਤਕ ਬਠਿੰਡਾ ਦੇ ਇਸ ਕਿਲ੍ਹੇ ਵਿਚਲੇ ਸੰਮਨ ਬੁਰਜ ’ਚ ਕੈਦ ਰਹੀ ਸੀ। ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਹੁਣ ਇਸ ਕਿਲੇ ਦਾ ਨਾਮ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿੱਤਾ ਗਿਆ ਹੈ।

ਦੇਖਭਾਲ ਦੇ ਬਾਵਜੂਦ ਵਿਗੜ ਰਹੀ ਹਾਲਤ

ਕੇਂਦਰੀ ਪੁਰਾਤੱਤਵ ਵਿਭਾਗ ਦੁਆਰਾ ਕਿਲੇ੍ਹ ਦੀ ਮੁਰੰਮਤ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਇਸ ਕਿਲੇ ਦਾ ਪੁਰਾਣਾ ਰੰਗ ਰੂਪ ਮੱਧਮ ਪੈਣ ਲੱਗਾ ਹੈ। ਦੇਸ਼ ਦੇ ਸਭ ਤੋਂ ਪੁਰਾਣੇ (ਕਰੀਬ 1900 ਸਾਲ) ਇਸ ਕਿਲੇ ’ਤੇ ਸਮਿਆਂ ਦੇ ਉਤਰਾਅ ਚੜ੍ਹਾਅ ਅੱਜ ਵੀ ਉੱਕਰੇ ਹੋਏ ਦੇਖੇ ਜਾ ਸਕਦੇ ਹਨ। ਕੇਂਦਰੀ ਪੁਰਾਤੱਤਵ ਵਿਭਾਗ ਵਲੋਂ ਕਿਲ੍ਹੇ ਨੂੰ ਆਧੁਨਿਕ ਰੂਪ ਤਾਂ ਦਿੱਤਾ ਜਾ ਰਿਹਾ ਹੈ ਪ੍ਰੰਤੂ ਨਾਲੋਂ ਨਾਲ ਇਸ ਕਿਲੇ ਦੀ ਵਿਰਾਸਤੀ ਦਿੱਖ ’ਤੇ ਵੀ ਪੋਚਾ ਫੇਰਿਆ ਜਾਣ ਲੱਗਾ ਹੈ। ਕਿਲ੍ਹੇ ਦੇ ਮੁੱਖ ਗੇਟ ਨੂੰ ਥੰਮਾਂ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਗਿਆ ਹੈ। ਵਿਭਾਗ ਦੇ ਵੇਰਵੇ ਹਨ ਕਿ 2002 ਤੋਂ ਲੈ ਕੇ ਹੁਣ ਤੱਕ ਕਿਲ੍ਹੇ ਦੀ ਸਾਂਭ ਸੰਭਾਲ ’ਤੇ ਕਰੋੜਾਂ ਰੁਪਏ ਖਰਚ ਹੋ ਚੁੱਕੇ ਹਨ। ਮੌਜੂਦਾ ਸਰਕਾਰ ਲਈ ਇਹ ਚੁਨੌਤੀ ਹੈ ਕਿ ਕਿਲ੍ਹੇ ਨੂੰ ਕਿਵੇਂ ਬਚਾਇਆ ਜਾਵੇ ਤੇ ਨਵੀਂ ਪੀੜ੍ਹੀ ਲਈ ਕਿਲ੍ਹੇ ਦੀ ਪੁਰਾਣੀ ਦਿੱਖ ਵੀ ਕਾਇਮ ਰਹੇ।

ਨਿਗਰਾਨੀ ਲਈ ਬਣੇ ਚਾਰ ਬੁਰਜ ਹੋਏ ਲੋਪ

15 ਏਕੜ ’ਚ ਬਣੇ ਇਸ ਕਿਲ੍ਹੇ ਦੁਆਲੇ 36 ਬੁਰਜ ਹਨ ਤੇ ਇਸ ਦੀ ਉਚਾਈ 118 ਫੁੱਟ ਹੈ। ਸਮੇਂ ਦੇ ਨਾਲ ਚਾਰ ਬੁਰਜ ਪੂਰੀ ਤਰ੍ਹਾਂ ਲੋਪ ਹੋ ਗਏ ਹਨ। ਇਨ੍ਹਾਂ ਬੁਰਜਾਂ ’ਤੇ ਹਰ ਸਮੇਂ ਪਹਿਰੇਦਾਰ ਪਹਿਰਾ ਦਿੰਦੇ ਸਨ ਜੋ ਕਿਲ੍ਹੇ ਤੋਂ ਬਾਹਰ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਸਨ। ਕਿਲ੍ਹਾ ਬਹੁਤ ਉੱਚਾ ਹੋਣ ਕਾਰਨ ਬਾਹਰੀ ਹਲਚਲ ਦਾ ਸਭ ਤੋਂ ਪਹਿਲਾਂ ਪਤਾ ਬੁਰਜ ’ਤੇ ਬੈਠੇ ਪਹਿਰੇਦਾਰਾਂ ਨੂੰ ਹੀ ਲੱਗਦਾ ਸੀ। ਬਾਹਰੀ ਰਾਜਿਆਂ ਦੇ ਹਮਲਿਆਂ ਦੀ ਭਿਣਕ ਲਈ ਇਹ ਬੁਰਜ ਬਣਾਏ ਗਏ ਸਨ।

ਰਾਣੀ ਬੁਰਜ ’ਚ ਕੈਦ ਰਹੀ ਸੀ ਰਜ਼ੀਆ ਸੁਲਤਾਨ

ਰਾਣੀ ਮਹਿਲ (ਸੰਮਨ ਬੁਰਜ) ਦੇ ਨਾਮ ਨਾਲ ਜਾਣੇ ਜਾਂਦੇ ਇਸ ਬੁਰਜ ’ਚ ਮਹਿਲਾ ਸ਼ਾਸਕ ਰਜੀਆ ਸੁਲਤਾਨ ਕੈਦ ਰਹੀ, ਹੁਣ ਇਸ ਦੀ ਹਾਲਤ ਖਸਤਾ ਹੈ। ਸੰਮਨ ਬੁਰਜ ਅੰਦਰਲੀ ਅਨਮੋਲ ਮੀਨਾਕਾਰੀ ਤੇ ਛੱਤ ਦੀ ਚਿੱਤਰਕਾਰੀ ਆਪਣੀ ਹੋਂਦ ਗੁਆ ਚੁੱਕੀ ਹੈ। ਬੁਰਜ ਦੀਆਂ ਛੱਤਾਂ ਨੂੰ ਚਾਰ-ਚੁਫੇਰੇ ਥਮ੍ਹਲੇ ਖੜ੍ਹੇ ਕਰਕੇ ਬਚਾਇਆ ਗਿਆ ਹੈ। ਛੱਤ ਉੱਪਰਲੀ ਚਿੱਤਰਕਾਰੀ ਹੁਣ ਬਿਲਕੁਲ ਮੱਧਮ ਪੈ ਚੁੱਕੀ ਹੈ ਤੇ ਬੁਰਜ ਦੇ ਦਰਵਾਜੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ।

ਨਿਸ਼ਾਨ ਸਾਹਿਬ ਪ੍ਰਿੰਸ ਲੀ ਵਿਲੀਅਮ ਨੇ ਕੀਤਾ ਸੀ ਭੇਂਟ

ਕਿਲ੍ਹਾ ਮੁਬਾਰਕ (ਰਜੀਆ ਕਿਲ੍ਹਾ) ਵਿਚ ਮਹਾਰਾਜਾ ਕਰਮ ਸਿੰਘ ਵੱਲੋਂ ਉਸਾਰੇ ਗਏ ਪਹਿਲੇ ਗੁਰੂਦੁਆਰਾ ਸਾਹਿਬ ਵਿਚ ਸ਼ੁਸੋਭਿਤ ਨਿਸ਼ਾਨ ਸਾਹਿਬ ਅੰਗਰੇਜ਼ ਸ਼ਾਸਕ ਪਿ੍ਰੰਸ ਲੀ ਵਿਲੀਅਮ ਵੱਲੋਂ ਭੇਂਟ ਕੀਤਾ ਗਿਆ ਸੀ ਜੋ ਅੱਜ ਵੀ ਉਸ ਸਮੇਂ ਦੀ ਯਾਦ ਤਾਜਾ ਕਰਵਾ ਰਿਹੈ। ਕਿਲ੍ਹੇ ’ਚ ਪੁਰਾਣੇ ਸਮੇਂ ਦੀਆਂ ਚਾਰ ਤੋਪਾਂ ਵੀ ਖੜ੍ਹੀਆਂ ਹਨ ਜਿਹੜੀਆਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ।

ਮੁਰੰਮਤ ਜਾਰੀ ਹੈ, ਦਿੱਤੀ ਜਾਏਗੀ ਪੁਰਾਣੀ ਦਿੱਖ : ਭਾਨੂੰ ਪ੍ਰਤਾਪ

ਪੁਰਾਤੱਤਵ ਵਿਭਾਗ ਦੇ ਕੰਜ਼ਰਵੇਟਿਵ ਅਫਸਰ ਭਾਨੂੰ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਕਿਲ੍ਹੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਕਿਲ੍ਹੇ ਅੰਦਰ ਕਾਫੀ ਕੰਮ ਹੋ ਚੁੱਕਾ ਹੈ ਅਤੇ ਰਹਿੰਦੇ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਲ੍ਹੇ ਦੇ ਰਾਣੀ ਮਹਿਲ ਦਾ ਕੰਮ ਚੱਲ ਰਿਹਾ ਹੈ। ਮੀਂਹ ਕਾਰਨ ਕੁੱਝ ਦਿਨ ਲਈ ਕੰਮ ਬੰਦ ਕਰਨਾ ਪਿਆ ਸੀ ਪਰ ਜਲਦੀ ਹੀ ਕਿਲ੍ਹੇ ਨੂੰ ਪੁਰਾਣੀ ਦਿੱਖ ਦਿੱਤੀ ਜਾਵੇਗੀ।

ਸਾਲ---- ਘਟਨਾ

90-110-ਰਾਜਾ ਦਾਬ ਨੇ ਕਿਲ੍ਹੇ ਦਾ ਨਿਰਮਾਣ ਕਰਾਇਆ

179 -ਬਠਿੰਡਾ ਸਹਿਰ ਭੱਟੀ ਰਾਓ ਨੇ ਵਸਾਇਆ

1004- ਸੁਲਤਾਨ ਮੁਹੰਮਦ ਗਜਨੀ ਦਾ ਕਬਜਾ

1045 -ਪੀਰ ਹਾਜੀ ਰਤਨ ਇੱਥੇ ਆਏ

1189- ਸੁਲਤਾਨ ਮੁਹੰਮਦ ਗੌਰੀ ਨੇ ਕਬਜ਼ਾ ਕੀਤਾ

1191- ਬਾਦਸ਼ਾਹ ਪਿ੍ਰਥਵੀ ਰਾਜ ਚੌਹਾਨ ਨੇ ਕਬਜ਼ਾ ਕੀਤਾ

1240- ਰਜ਼ੀਆ ਸੁਲਤਾਨ ਨੂੰ ਨਜਰਬੰਦ ਕੀਤਾ ਗਿਆ

1515- ਗੁਰੂ ਨਾਨਕ ਦੇਵ ਨੇ ਚਰਨ ਪਾਏ

1665-ਗੁਰੂ ਤੇਗ ਬਹਾਦੁਰ ਨੇ ਚਰਨ ਪਾਏ

1706- ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ

1835-40-ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ

Posted By: Seema Anand