ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗ੍ਰੀਨ ਸਿਟੀ ਵਾਸੀ ਤੇ ਟ੍ਰੇਡਿੰਗ ਵਪਾਰੀ ਦਵਿੰਦਰ ਗਰਗ ਵਲੋਂ ਆਪਣੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਬਾਅਦ ਖ਼ੁਦ ਵੀ ਖੁਦਕੁਸ਼ੀ ਕਰਨ ਦੀ ਘਟਨਾ ਦੇ 24 ਘੰਟਿਆਂ ਦੇ ਅੰਦਰ ਪੁਲਿਸ ਨੇ ਦੋ ਕਾਂਗਰਸੀ ਆਗੂਆਂ ਸਮੇਤ ਚਾਰ ਨੂੰੂ ਹਿਰਾਸਤ ਵਿਚ ਲੈ ਲਿਆ ਹੈ। ਇਕ ਕਾਂਗਰਸੀ ਆਗੂ ਦਾ ਸਬੰਧ ਬਠਿੰਡਾ ਤੇ ਦੂਜਾ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾਂਦਾ ਹੈ।

ਪੁਲਿਸ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਿਤ ਇਕ ਯੂਥ ਕਾਂਗਰਸੀ ਆਗੂ ਮਨਜਿੰਦਰ ਸਿੰਘ ਧਾਲੀਵਾਲ ਉਰਫ ਹੈਪੀ, ਪ੍ਰਵੀਨ ਬਾਂਸਲ, ਮਨੀ ਬਾਂਸਲ ਤੇ ਰਾਮਾ ਮੰਡੀ ਵਾਸੀ ਅਸ਼ੋਕ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦੋਂ ਕਿ ਮਿ੍ਤਕ ਦਵਿੰਦਰ ਦੇ ਬਿਜ਼ਨਸ 'ਚ ਹਿੱਸੇਦਾਰ ਤੇ ਕਥਿੱਤ ਦੋਸ਼ੀ ਬਠਿੰਡਾ ਰਾਜੂ ਕੋਹਿਨੂਰ ਉਰਫ਼ ਜਾਦੂਗਰ, ਉਸ ਦਾ ਭਰਾ ਬੱਬੂ ਕਾਲੜਾ, ਪਤਨੀ ਅਮਨ ਕੋਹਿਨੂਰ, ਕਾਂਗਰਸੀ ਨੇਤਾ ਸੰਜੇ ਜਿੰਦਲ ਉਰਫ਼ ਬਾਬੀ ਤੋਂ ਇਲਾਵਾ ਸੈਂਟਰਲ ਦਿੱਲੀ ਵਾਸੀ ਅਭਿਸ਼ੇਕ ਜੌਹਰੀ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ। ਇਹ ਸਾਰੇ ਕਥਿਤ ਦੋਸ਼ੀ ਅਜੇ ਵੀ ਫਰਾਰ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਬਾਕੀ ਕਥਿਤ ਦੋਸ਼ੀ ਵੀ ਜਲਦੀ ਹੀ ਕਾਬੂ ਕਰ ਲਏ ਜਾਣਗੇ। ਦੱਸਣਯੋਗ ਹੈ ਕਿ ਥਾਣਾ ਕੈਂਟ ਪੁਲਿਸ ਨੇ ਮਿ੍ਤਕ ਦਵਿੰਦਰ ਗਰਗ ਦੇ ਸੁਸਾਈਡ ਨੋਟ ਦੇ ਅਧਾਰ 'ਤੇ ਇਨ੍ਹਾਂ 9 ਲੋਕਾਂ ਖ਼ਿਲਾਫ਼ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਸੀ, ਜਦੋਂ ਕਿ ਮਿ੍ਤਕ ਦਵਿੰਦਰ 'ਤੇ ਆਪਣੀ ਪਤਨੀ ਤੇ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਘਟਨਾ ਤੋਂ ਬਾਅਦ ਹੀ ਸੁਸਾਈਡ ਨੋਟ ਵਿਚ ਲਿਖੇ ਗਏ ਨਾਵਾਂ ਦੇ ਅਧਾਰ 'ਤੇ ਕਥਿਤ ਦੋਸ਼ੀ ਲੋਕਾਂ ਦੀ ਗਿ੍ਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਓਧਰ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਸੀ। ਇਸ ਦੇ ਅਧਾਰ 'ਤੇ ਪੁਲਿਸ ਨੇ 24 ਘੰਟਿਆਂ ਦੇ ਅੰਦਰ ਚਾਰ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉਧਰ ਸ਼ੁੱਕਰਵਾਰ ਦੁਪਹਿਰ ਬਾਅਦ ਚਾਰੇ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਸਥਾਨਕ ਦਾਣਾ ਮੰਡੀ ਵਿਖੇ ਰਾਮਬਾਗ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਮਿ੍ਤਕ ਦੇ ਵੱਡੇ ਭਰਾ ਅਸ਼ਵਨੀ ਗਰਗ ਨੇ ਚਾਰਾਂ ਨੂੰ ਅਗਨੀ ਦਿੱਤੀ। ਇਸ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਸ਼ਹਿਰ ਦੇ ਵਪਾਰੀ ਵਰਗ ਨੇ ਰਾਮਬਾਗ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਸ਼ਰਧਾਂਜਲੀ ਦਿੱਤੀ।

----------

ਕੰਪਨੀ ਦੇ ਹਿੱਸੇਦਾਰ ਵੱਲੋਂ ਧੋਖਾ ਦਿੱਤੇ ਜਾਣ ਤੋਂ ਦੁਖੀ ਸੀ ਮਿ੍ਤਕ ਦਵਿੰਦਰ

ਕੈਂਟ ਪੁਲਿਸ ਨੁੰ ਬਿਆਨ ਦੇ ਕੇ ਮਿ੍ਤਕ ਦੇ ਵੱਡੇ ਭਰਾ ਅਤੇ ਪੰਚਵਟੀ ਨਗਰ ਵਾਸੀ ਅਸ਼ਵਨੀ ਗਰਗ ਨੇ ਦੱਸਿਆ ਕਿ ਕਰੀਬ ਢਾਈ ਸਾਲ ਪਹਿਲਾਂ ਉਸ ਦੇ ਭਰਾ ਦਵਿੰਦਰ ਗਰਗ ਨੇ ਰਾਜੂ ਕੋਹਿਨੂਰ ਉਰਫ਼ ਜਾਦੂਗਰ ਨਾਲ ਮਿਲ ਕੇ ਕਰਿਪਟੋ ਕਰੰਸੀ ਬਿਟ ਕਵਾਇਨ ਵਿਚ ਪਾਰਟਨਰ ਵਜੋਂ ਕੰਮ ਸ਼ੁਰੂ ਕੀਤਾ ਸੀ। ਇਸ ਕੰਪਨੀ 'ਚ ਹੋਰ ਵੀ ਲੋਕ ਹਿੱਸੇਦਾਰ ਸਨ ਪਰ ਉਸ ਦਾ ਭਰਾ ਪਿੱਛਲੇ ਛੇ ਮਹੀਨਿਆਂ ਤੋਂ ਮਾਨਸਿਕ ਤੌਰ 'ਤੇ ਕਾਫ਼ੀ ਪ੍ਰਰੇਸ਼ਾਨ ਸੀ, ਭਾਵੇਂ ਕਿ ਲਾਕਡਾਊਨ ਕਾਰਨ ਬਿਟ ਕਵਾਇਨ ਕੰਪਨੀ ਦੇ ਰੇਟ ਘੱਟ ਹੋ ਗਏ ਸਨ। ਰਾਜੂ, ਉਸ ਦੇ ਭਰਾ ਬੱਬੂ ਤੇ ਪਤਨੀ ਅਮਨ ਨੇ ਕੰਪਨੀ ਵਿਚ ਲਾਇਆ ਆਪਣੇ ਹਿੱਸੇ ਦਾ ਪੈਸਾ ਕਢਵਾ ਕੇ ਆਪਣੇ ਕੋਲ ਰੱਖ ਲਿਆ, ਜਦੋਂ ਕਿ ਜੋ ਪੈਸਾ ਲੋਕਾਂ ਦਾ ਦੇਣਾ ਸੀ, ਉਹ ਦਵਿੰਦਰ ਗਰਗ 'ਤੇ ਪਾ ਦਿੱਤਾ। ਇਹ ਰਾਸ਼ੀ ਕਰੋੜਾਂ 'ਚ ਸੀ, ਜਿਸ ਦੇ ਚੱਲਦਿਆਂ ਕੁਝ ਪੈਸਾ ਤਾਂ ਦਵਿੰਦਰ ਨੇ ਕਿਸੇ ਤਰ੍ਹਾਂ ਦੇ ਦਿੱਤਾ, ਪਰ ਕਈ ਲੋਕ ਉਸ ਨੂੰ ਪੈਸੇ ਵਾਪਸ ਕਰਨ ਲਈ ਲਗਾਤਾਰ ਦਬਾਅ ਪਾ ਰਹੇ ਸਨ। ਉਸ ਨੂੰ ਲਗਾਤਾਰ ਧਮਕੀਆਂ ਵੀ ਦੇ ਰਹੇ ਸਨ, ਜਿਸ ਕਾਰਨ ਉਸ ਦਾ ਭਰਾ ਮਾਨਸਿਕ ਤੌਰ 'ਤੇ ਪੇ੍ਸ਼ਾਨ ਸੀ।

ਇਸ ਦੌਰਾਨ ਮਨਜਿੰਦਰ ਸਿੰਘ ਧਾਲੀਵਾਲ ਉਰਫ਼ ਹੈਪੀ, ਪ੍ਰਵੀਨ ਬਾਂਸਲ, ਸੰਜੇ ਜਿੰਦਲ ਉਰਫ਼ ਬਾਬੀ, ਮਨੀ ਬਾਂਸਲ ਬਠਿੰਡਾ, ਅਸ਼ੋਕ ਕੁਮਾਰ, ਅਭਿਸ਼ੇਕ ਜੌਹਰੀ ਵੀ ਉਸ ਦੇ ਭਰਾ ਨੂੰ ਪੈਸਾ ਜਲਦੀ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਉਹ ਉਸ ਨੂੰ ਰਾਜਨੀਤਕ ਦਬਾਅ ਤਹਿਤ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਸਨ। ਆਪਣੇ ਹਿੱਸੇਦਾਰਾਂ ਵਲੋਂ ਦਿੱਤੇ ਗਏ ਧੋਖੇ ਤੇ ਪੈਸੇ ਲੈਣ ਵਾਲਿਆਂ ਵਲੋਂ ਤੰਗ ਪ੍ਰਰੇਸ਼ਾਨ ਕਰਨ ਤੋਂ ਤੰਗ ਆ ਕੇ ਦਵਿੰਦਰ ਗਰਗ ਨੇ ਲੰਘੀ ਰਾਤ ਵੀਰਵਾਰ ਦੁਪਹਿਰ ਆਪਣੇ ਗਰੀਨ ਸਿਟੀ ਸਥਿਤ ਕਿਰਾਏ ਦੇ ਮਕਾਨ 'ਚ ਆਪਣੀ ਪਤਨੀ ਮੀਨਾ ਗਰਗ, ਬੇਟਾ ਆਰੂਸ਼ ਗਰਗ, ਬੇਟੀ ਮੁਸਕਾਨ ਗਰਗ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮਾਰਨ ਤੋਂ ਪਹਿਲਾਂ ਦਵਿੰਦਰ ਗਰਗ ਨੇ ਅੱਠ ਪੇਠ ਦਾ ਇਕ ਖੁਦਕੁਸ਼ੀ ਨੋਟ ਵੀ ਲਿਖਿਆ, ਜਿਸ ਦੇ ਅਧਾਰ 'ਤੇ ਪੁਲਿਸ ਨੇ ਇਕ ਅੌਰਤ ਸਮੇਤ 9 ਵਿਅਕਤੀਆਂ ਖਿਲਾਫ਼ ਥਾਣਾ ਕੈਂਟ ਵਿਚ ਮਾਮਲਾ ਦਰਜ ਕੀਤਾ ਹੈ।

----------

ਛੇ ਮਹੀਨਿਆਂ ਤੋਂ ਪੇ੍ਸ਼ਾਨ ਚੱਲ ਰਿਹਾ ਸੀ ਦਵਿੰਦਰ

ਇਸ ਮਾਮਲੇ 'ਚ ਸਭ ਤੋਂ ਅਹਿਮ ਸਬੂਤ ਮਿ੍ਤਕ ਵਲੋਂ ਲਿਖਿਆ ਗਿਆ ਖੁਦਕੁਸ਼ੀ ਨੋਟ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਉਕਤ ਲੋਕਾਂ ਨੇ ਮਿਲਕੇ ਉਸ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਅਤੇ ਉਸ ਨੂੰ ਇਸ ਰਾਹ 'ਤੇ ਲਿਆ ਖੜ੍ਹਾ ਕੀਤਾ ਕਿ ਉਸ ਕੋਲ ਮਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਮਰਨ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕੋਈ ਪਰੇਸ਼ਾਨ ਨਾ ਕਰੇ, ਇਸ ਲਈ ਉਸ ਨੇ ਸਾਰਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਖੁਦਕੁਸ਼ੀ ਨੋਟ 'ਚ ਦੋਸ਼ ਲਾਇਆ ਗਿਆ ਹੈ ਕਿ ਉਕਤ ਦੋਸ਼ੀ ਲੋਕ ਸੱਤਾਧਾਰੀ ਧਿਰ ਨਾਲ ਜੁੜੇ ਹੋਣ ਕਾਰਨ ਉਸ ਨੂੰ ਸਖਤ ਪ੍ਰਰੇਸ਼ਾਨ ਕਰ ਰਹੇ ਸਨ। ਇਸ ਗੱਲ ਨੂੰ ਲੈ ਕੇ ਉਹ ਪਿਛਲੇ ਛੇ ਮਹੀਨਿਆਂ ਤੋਂ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਉਸ ਨੇ ਇਹ ਸਾਰਾ ਮਾਮਲਾ ਆਪਣੇ ਪਿਤਾ ਅਤੇ ਭਰਾ ਦੇ ਨਾਲ ਸਾਂਝਾ ਕੀਤਾ ਸੀ। ਪਰਿਵਾਰ ਉਸ ਨੂੰ ਹੌਸਲਾ ਦਿੰਦਾ ਆ ਰਿਹਾ ਸੀ ਪਰ ਧਮਕੀਆਂ ਕਾਰਨ ਉਸ ਨੇ ਇਸ ਖੌਫ਼ਨਾਕ ਘਟਨਾ ਨੂੰ ਅੰਜ਼ਾਮ ਦੇ ਦਿੱਤਾ।

-----------

-ਵੱਡੇ ਭਰਾ ਨੇ ਦਿੱਤੀ ਪੂਰੇ ਪਰਿਵਾਰ ਨੂੰ ਅਗਨੀ

ਅੱਜ ਜਦੋਂ ਸ਼ਹਿਰ ਦੇ ਸਮਸ਼ਾਨ ਘਾਟ 'ਚ ਇਕੋ ਪਰਿਵਾਰ ਦੇ ਚਾਰੇ ਜੀਆਂ ਦੀਆਂ ਚਿਤਾਵਾਂ ਜਲੀਆਂ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ। ਮਿ੍ਤਕਾਂ ਦਾ ਬਾਅਦ ਦੁਪਹਿਰ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ਾਂ ਪਰਿਵਾਰ ਦੇ ਹਵਾਲੇ ਕੀਤੀਆਂ ਗਈਆਂ। ਮਿ੍ਤਕ ਦਵਿੰਦਰ ਦੇ ਵੱਡੇ ਭਰਾ ਨੇ ਪੂਰੇ ਪਰਿਵਾਰ ਦੀਆਂ ਚਿਤਾਵਾਂ ਨੂੰ ਅਗਨੀ ਦਿਖਾਈ। ਉਸ ਦਾ ਰੋ ਰੋ ਕੇ ਬੁਰਾ ਹਾਲ ਸੀ।