ਗੁਰਤੇਜ ਸਿੰਘ ਸਿੱਧੂ, ਬਠਿੰਡਾ : ਮਾਲ ਰੋਡ 'ਤੇ ਪਾਰਕਿੰਗ ਜ਼ੋਨ ਬਣਾਉਣ ਦੀ ਮੁਹਿੰਮ ਤਹਿਤ ਵੀਰਵਾਰ ਨੂੰ ਨਗਰ ਨਿਗਮ ਦੀ ਬਿਲਡਿੰਗ ਬ੍ਾਂਚ ਤੇ ਤਹਿਬਾਜ਼ਾਰੀ ਸ਼ਾਖਾ ਦੀ ਸਾਂਝੀ ਟੀਮ ਵੱਲੋਂ ਸਰਕਾਰੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਦੌਰਾਨ ਕਬਜ਼ਾਧਾਰੀਆਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਨਿਗਮ ਨੇ ਜੇਸੀਬੀ ਦੀ ਮਦਦ ਨਾਲ ਉਕਤ ਨਾਜਾਇਜ਼ ਕੋਠੀਆਂ ਅਤੇ ਕਬਜ਼ਿਆਂ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਦੁਕਾਨਦਾਰਾਂ ਵੱਲੋਂ ਸੜਕ 'ਤੇ ਬੋਰਡ ਤੇ ਸਾਮਾਨ ਆਦਿ ਲਗਾ ਕੇ ਕੀਤੇ ਗਏ ਕਬਜ਼ਿਆਂ ਨੂੰ ਵੀ ਹਟਾਇਆ ਗਿਆ। ਇਸ ਤੋਂ ਇਲਾਵਾ ਮਾਲ ਰੋਡ 'ਤੇ ਦੋ ਬੱਸ ਅੱਡਿਆਂ ਨੂੰ ਢਾਹ ਕੇ ਫੁੱਟਪਾਥ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਦਰਅਸਲ, ਨਗਰ ਨਿਗਮ ਵੱਲੋਂ 27 ਕਰੋੜ ਰੁਪਏ ਦੀ ਲਾਗਤ ਨਾਲ ਮਲਟੀਸਟੋਰੀ ਕਾਰ ਪਾਰਕਿੰਗ ਬਣਾਈ ਗਈ ਹੈ, ਜਿਸਨੂੰ ਕਿ ਠੇਕੇ 'ਤੇ ਦਿੱਤਾ ਜਾਣਾ ਹੈ। ਬਹੁਮੰਜ਼ਿਲਾ ਕਾਰ ਪਾਰਕਿੰਗ ਤੋਂ ਇਲਾਵਾ ਨਿਗਮ ਮਾਲ ਰੋਡ ਦੇ ਦੋਵੇਂ ਪਾਸੇ ਪੀਲੀਆਂ ਲਾਈਨਾਂ ਲਗਾ ਕੇ ਪਾਰਕਿੰਗ ਬਣਾ ਰਿਹਾ ਹੈ, ਤਾਂ ਜੋ ਵਾਹਨ ਪਾਰਕਿੰਗ ਵਿਚ ਕੋਈ ਸਮੱਸਿਆ ਨਾ ਆਵੇ। ਇਸ ਬਹੁਮੰਜ਼ਲੀ ਪਾਰਕਿੰਗ ਦਾ ਉਦਘਾਟਨ ਜੂਨ ਮਹੀਨੇ ਵਿਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਿਗਮ ਵੱਲੋਂ ਮਾਲ ਰੋਡ 'ਤੇ ਸਰਕਾਰੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਸੀ। ਇਸ ਤਹਿਤ ਵੀਰਵਾਰ ਨੂੰ ਬਿਲਡਿੰਗ ਇੰਸਪੈਕਟਰ ਅਨੂ ਬਾਲਾ, ਪਰਵਿੰਦਰ ਸਿੰਘ ਮੱਲੀ, ਅਵਤਾਰ ਸਿੰਘ ਦੀ ਅਗਵਾਈ 'ਚ ਟੀਮ ਨੇ ਸੁਭਾਸ਼ ਮਾਰਕੀਟ ਨੇੜੇ ਸਥਿਤ ਪਾਣੀ ਵਾਲੀ ਟੈਂਕੀ ਦੇ ਨਾਲ ਪਾਣੀ ਵਾਲੀ ਟੈਂਕੀ ਦੇ ਹੇਠਾਂ ਲੰਬੇ ਸਮੇਂ ਤੋਂ ਕੀਤੇ ਗਏ ਕਬਜ਼ੇ ਨੂੰ ਢਾਹ ਦਿੱਤਾ। ਉਧਰ ਕਬਜ਼ਾ ਕਰਕੇ ਬੈਠੇ ਲੋਕਾਂ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਅਤੇ ਜਿੱਥੇ ਨਿਗਮ ਨੇ ਬਿਨਾਂ ਕੋਈ ਨੋਟਿਸ ਦਿੱਤੇ ਇਹ ਕਾਰਵਾਈ ਕੀਤੀ ਹੈ, ਉਥੇ ਹੀ ਉਹ ਪਿਛਲੇ 30 ਤੋਂ 40 ਸਾਲਾਂ ਤੋਂ ਇਸ ਜਗ੍ਹਾ 'ਤੇ ਆਪਣਾ ਰੁਜ਼ਗਾਰ ਚਲਾ ਰਹੇ ਹਨ। ਦੂਜੇ ਪਾਸੇ ਨਿਗਮ ਅਨੁਸਾਰ ਉਕਤ ਵਿਅਕਤੀਆਂ ਨੇ ਨਿਗਮ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸੇ ਤਰਾਂ੍ਹ ਕਾਰਪੋਰੇਸ਼ਨ ਵੱਲੋਂ ਮਾਲ ਰੋਡ 'ਤੇ ਸਰਕਾਰੀ ਗਰਲਜ਼ ਸਕੂਲ ਦੇ ਬਾਹਰ ਅਤੇ ਕੱਪੜਾ ਮੰਡੀ ਦੇ ਬਾਹਰ ਦੋ ਲੋਕਲ ਬੱਸ ਸਟਾਪ ਬਣਾਏ ਗਏ ਸਨ, ਜੋ ਇਸ ਸਮੇਂ ਅਣਵਰਤੇ ਪਏ ਹਨ। ਉਨਾਂ੍ਹ ਨੂੰ ਵੀ ਤੋੜ ਕੇ ਉਥੇ ਫੁੱਟਪਾਥ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਨਿਗਮ ਮੁਤਾਬਕ ਮਾਲ ਰੋਡ 'ਤੇ ਪੀਲੀ ਲਾਈਨ ਲਗਾਈ ਜਾਵੇਗੀ।