ਘਟੀਆ ਤੇ ਨਕਲੀ ਪੀਣ ਵਾਲੇ ਪਦਾਰਥ ਚਿੰਤਾ ਦਾ ਵਿਸ਼ਾ
ਘਟੀਆ ਅਤੇ ਨਕਲੀ ਪੀਣ ਵਾਲੇ ਪਦਾਰਥ ਚਿੰਤਾ ਦਾ ਵਿਸ਼ਾ
Publish Date: Tue, 09 Jun 2026 03:57 PM (IST)
Updated Date: Tue, 09 Jun 2026 03:59 PM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਅੱਤ ਦੀ ਗਰਮੀ ਦੇ ਮੌਸਮ ਵਿਚ ਆਈਸਕਰੀਮ, ਜੂਸ, ਕੋਲਡ ਡਰਿੰਕ ਅਤੇ ਪਾਣੀ ਦੀਆਂ ਬੋਤਲਾਂ ਦੀ ਖਪਤ ਵੱਧ ਜਾਂਦੀ ਹੈ। ਕੁਝ ਲੋਕ ਵੱਧ ਮੁਨਾਫ਼ੇ ਲਈ ਇਨ੍ਹਾਂ ਵਿਚ ਮਿਲਾਵਟ ਕਰਦੇ ਹਨ ਜਾਂ ਘਟੀਆ ਕੁਆਲਿਟੀ ਦੀਆਂ ਪਲਾਸਟਿਕ ਬੋਤਲਾਂ ਵਰਤਦੇ ਹਨ, ਜਿਸ ਨਾਲ ਦਸਤ, ਉਲਟੀਆਂ, ਟਾਇਫਾਇਡ ਅਤੇ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਲੋਕਾਂ ਨੂੰ ਹਮੇਸ਼ਾ ਸੀਲਬੰਦ ਅਤੇ ਮਿਆਰੀ ਉਤਪਾਦ ਹੀ ਖਰੀਦਣੇ ਚਾਹੀਦੇ ਹਨ। ਬੋਤਲ ਦੀ ਬਣਾਉਣ ਅਤੇ ਮਿਆਦ ਪੁੱਗਣ ਦੀ ਮਿਤੀ ਜ਼ਰੂਰ ਚੈੱਕ ਕਰੋ। ਘਰ ਦਾ ਸਾਫ਼ ਪਾਣੀ ਅਤੇ ਤਾਜ਼ੇ ਫਲਾਂ ਦਾ ਰਸ ਵਰਤਣਾ ਸਿਹਤ ਲਈ ਵਧੀਆ ਹੈ। ਜਾਗਰੂਕਤਾ ਅਤੇ ਸਾਵਧਾਨੀ ਨਾਲ ਹੀ ਅਸੀਂ ਆਪਣੀ ਸਿਹਤ ਦੀ ਰੱਖਿਆ ਕਰ ਸਕਦੇ ਹਾਂ। ਘਟੀਆ ਤੇ ਨਕਲੀ ਪੀਣ ਵਾਲੇ ਪਦਾਰਥ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਹੈ। ਜਾਗਰੂਕਤਾ ਤੇ ਸਖ਼ਤ ਨਿਗਰਾਨੀ ਨਾਲ ਹੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ : ਡਾ. ਸੀਮਾ ਗੁਪਤਾ ਡਾ. ਸੀਮਾ ਗੁਪਤਾ ਐੱਸਐੱਮਓ ਸਿਵਲ ਹਸਪਤਾਲ ਭਗਤਾ ਭਾਈ ਦਾ ਮੰਨਣਾ ਹੈ ਕਿ ਗਰਮੀਆਂ ਦੇ ਮੌਸਮ ਵਿਚ ਨਕਲੀ ਕੋਲਡ ਡਰਿੰਕ, ਜੂਸ ਅਤੇ ਪਾਣੀ ਦੀ ਵਿਕਰੀ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀ ਹੈ। ਅਜਿਹੇ ਪਦਾਰਥਾਂ ਵਿੱਚ ਗੰਦਾ ਪਾਣੀ, ਹਾਨੀਕਾਰਕ ਰੰਗ ਅਤੇ ਰਸਾਇਣ ਮਿਲਾਏ ਜਾਂਦੇ ਹਨ, ਜੋ ਪੇਟ ਦੀਆਂ ਬਿਮਾਰੀਆਂ, ਟਾਇਫਾਇਡ, ਹੈਪੇਟਾਈਟਿਸ ਅਤੇ ਫੂਡ ਪੁਆਇਜ਼ਨਿੰਗ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੂੰ ਪੈਕਿੰਗ, ਮਿਆਦ ਅਤੇ ਗੁਣਵੱਤਾ ਦੀ ਜਾਂਚ ਕਰਕੇ ਹੀ ਕੋਈ ਪਦਾਰਥ ਵਰਤਣਾ ਚਾਹੀਦਾ ਹੈ। ਜਾਗਰੂਕਤਾ ਅਤੇ ਸਖ਼ਤ ਨਿਗਰਾਨੀ ਨਾਲ ਹੀ ਇਸ ਸਮੱਸਿਆ ਨੂੰ ਕਾਬੂ ਕੀਤਾ ਜਾ ਸਕਦਾ ਹੈ। ਗਰਮੀ ਦੇ ਮੌਸਮ ਵਿਚ ਬਜ਼ਾਰਾਂ ਵਿਚੋਂ ਕੋਲਡ ਡਰਿੰਕ ਪੀਣ ਦੀ ਬਜਾਏ ਘਰ ਵਿਚ ਸਿਕੰਜਵੀ ਵਗੈਰਾ ਤਿਆਰ ਕਰਕੇ ਪੀਣੀ ਚਾਹੀਦੀ ਹੈ। ਬੱਚਿਆਂ ਨੂੰ ਸੜਕ ਕਿਨਾਰੇ ਮਿਲਣ ਵਾਲੇ ਸਸਤੇ ਪੀਣ ਵਾਲੇ ਪਦਾਰਥਾਂ ਤੋਂ ਦੂਰ ਰੱਖਣਾ ਚਾਹੀਦਾ ਹੈ : ਡਾ. ਪਰਨੀਤ ਕੌਰ ਦਿਉਲ ਡਾ. ਪਰਨੀਤ ਕੌਰ ਦਿਉਲ ਸੰਚਾਲਕ ਡਾ. ਬਲਵੀਰ ਸਿੰਘ ਹਸਪਤਾਲ ਭਗਤਾ ਭਾਈ ਦਾ ਕਹਿਣਾ ਹੈ ਕਿ ਗਰਮੀਆਂ ਵਿਚ ਬੱਚੇ ਅਤੇ ਬਜ਼ੁਰਗ ਸਭ ਤੋਂ ਵੱਧ ਨਕਲੀ ਪੀਣ ਵਾਲੇ ਪਦਾਰਥਾਂ ਦੇ ਨੁਕਸਾਨ ਦਾ ਸ਼ਿਕਾਰ ਹੁੰਦੇ ਹਨ। ਅਜਿਹੇ ਉਤਪਾਦਾਂ ਨਾਲ ਡੀਹਾਈਡ੍ਰੇਸ਼ਨ, ਦਸਤ, ਉਲਟੀਆਂ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਸਰਕਾਰ ਨੂੰ ਸਕੂਲਾਂ, ਬੱਸ ਸਟੈਂਡਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿਚ ਖ਼ਾਸ ਨਿਗਰਾਨੀ ਰੱਖਣੀ ਚਾਹੀਦੀ ਹੈ। ਸਿਹਤ ਵਿਭਾਗ ਨੂੰ ਨਮੂਨੇ ਲੈ ਕੇ ਜਾਂਚ ਕਰਨੀ ਅਤੇ ਨਤੀਜੇ ਜਨਤਕ ਕਰਨੇ ਚਾਹੀਦੇ ਹਨ। ਮਾਪਿਆਂ ਨੂੰ ਬੱਚਿਆਂ ਨੂੰ ਸੜਕ ਕਿਨਾਰੇ ਮਿਲਣ ਵਾਲੇ ਸਸਤੇ ਪੀਣ ਵਾਲੇ ਪਦਾਰਥਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਘਰ ਦਾ ਸਾਫ਼ ਪਾਣੀ, ਨਿੰਬੂ ਪਾਣੀ ਅਤੇ ਤਾਜ਼ੇ ਫਲਾਂ ਦੇ ਰਸ ਸਿਹਤ ਲਈ ਵਧੀਆ ਵਿਕਲਪ ਹਨ। ਸਾਵਧਾਨੀ ਅਤੇ ਜਾਗਰੂਕਤਾ ਨਾਲ ਹੀ ਸੁਰੱਖਿਆ ਸੰਭਵ ਹੈ। ਨਕਲੀ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣਾ ਕਾਨੂੰਨੀ ਅਪਰਾਧ : ਦੀਪਕ ਸਹਿਗਲ ਬਠਿੰਡਾ ਦੇ ਸੀਨੀਅਰ ਐਡਵੋਕੇਟ ਦੀਪਕ ਸਹਿਗਲ ਦਾ ਕਹਿਣਾ ਹੈ ਕਿ ਨਕਲੀ ਖਾਣ-ਪੀਣ ਵਾਲੀਆਂ ਵਸਤੂਆਂ ਵੇਚਣਾ ਕਾਨੂੰਨੀ ਅਪਰਾਧ ਹੈ ਅਤੇ ਇਹ ਲੋਕਾਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ। ਸਰਕਾਰ ਨੂੰ ਫੂਡ ਸੇਫਟੀ ਕਾਨੂੰਨਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਚਾਹੀਦਾ ਹੈ। ਜਿਨ੍ਹਾਂ ਦੁਕਾਨਦਾਰਾਂ ਜਾਂ ਨਿਰਮਾਤਾਵਾਂ ਵੱਲੋਂ ਨਕਲੀ ਪਾਣੀ, ਜੂਸ ਜਾਂ ਕੋਲਡ ਡਰਿੰਕ ਵੇਚੇ ਜਾਂਦੇ ਹਨ, ਉਨ੍ਹਾਂ ਦੇ ਲਾਇਸੈਂਸ ਰੱਦ ਕਰਕੇ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸਿਹਤ ਵਿਭਾਗ ਨੂੰ ਬੱਸ ਅੱਡਿਆਂ, ਬਜ਼ਾਰਾਂ ਅਤੇ ਜਨਤਕ ਸਥਾਨਾਂ ’ਤੇ ਲਗਾਤਾਰ ਜਾਂਚ ਮੁਹਿੰਮ ਚਲਾਉਣੀ ਚਾਹੀਦੀ ਹੈ। ਲੋਕਾਂ ਨੂੰ ਵੀ ਜੇਕਰ ਕੋਈ ਸ਼ੱਕੀ ਉਤਪਾਦ ਮਿਲੇ ਤਾਂ ਉਸ ਦੀ ਸ਼ਿਕਾਇਤ ਸਬੰਧਤ ਵਿਭਾਗ ਨੂੰ ਕਰਨੀ ਚਾਹੀਦੀ ਹੈ। ਕਾਨੂੰਨ ਅਤੇ ਲੋਕਾਂ ਦੀ ਸਾਂਝੀ ਭੂਮਿਕਾ ਨਾਲ ਹੀ ਇਸ ਸਮੱਸਿਆ ਦਾ ਹੱਲ ਸੰਭਵ ਹੈ। ਕਈ ਲੋਕ ਆਪਣੇ ਨਿੱਜੀ ਲਾਭ ਲਈ ਦੂਜਿਆਂ ਦੀ ਸਿਹਤ ਨੂੰ ਕਰ ਰਹੇ ਹਨ ਨਜ਼ਰਅੰਦਾਜ਼ : ਡਾ. ਪੂਰਨ ਸਿੰਘ ਭਗਤਾ ਡਾ. ਪੂਰਨ ਸਿੰਘ ਭਗਤਾ, ਪੂਰਨ ਹਸਪਤਾਲ ਭਗਤਾ ਭਾਈਕਾ ਦਾ ਮੰਨਣਾ ਹੈ ਕਿ ਸਮਾਜ ਵਿਚ ਵੱਧ ਰਹੀ ਲਾਲਚ ਕਾਰਨ ਕਈ ਲੋਕ ਆਪਣੇ ਨਿੱਜੀ ਲਾਭ ਲਈ ਦੂਜਿਆਂ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਨਕਲੀ ਪਾਣੀ ਅਤੇ ਕੋਲਡ ਡਰਿੰਕ ਵੇਚਣ ਵਾਲੇ ਲੋਕ ਸਮਾਜ ਵਿਰੋਧੀ ਕੰਮ ਕਰ ਰਹੇ ਹਨ। ਸਰਕਾਰ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਇਸ ਖਤਰੇ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਸਿਹਤ ਵਿਭਾਗ ਨੂੰ ਸਮੇਂ-ਸਮੇਂ ’ਤੇ ਨਮੂਨਿਆਂ ਦੀ ਜਾਂਚ ਕਰਕੇ ਰਿਪੋਰਟਾਂ ਜਨਤਕ ਕਰਨੀਆਂ ਚਾਹੀਦੀਆਂ ਹਨ। ਲੋਕਾਂ ਨੂੰ ਬਾਹਰੋਂ ਪੀਣ ਵਾਲੇ ਪਦਾਰਥ ਖਰੀਦਣ ਦੀ ਥਾਂ ਘਰ ਦਾ ਸਾਫ਼ ਪਾਣੀ ਅਤੇ ਤਾਜ਼ੇ ਫਲਾਂ ਦੇ ਰਸ ਵਰਤਣੇ ਚਾਹੀਦੇ ਹਨ। ਜਦੋਂ ਸਮਾਜ ਅਤੇ ਸਰਕਾਰ ਮਿਲ ਕੇ ਕੰਮ ਕਰਨਗੇ ਤਾਂ ਹੀ ਲੋਕਾਂ ਦੀ ਸਿਹਤ ਦੀ ਰੱਖਿਆ ਹੋ ਸਕੇਗੀ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਲਗਾਤਾਰ ਛਾਪੇਮਾਰੀ ਕਰਕੇ ਨਮੂਨਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਿਹਤ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ : ਡਾ. ਜਸਵੀਰ ਸ਼ਰਮਾ ਡਾ. ਜਸਵੀਰ ਸ਼ਰਮਾ, ਸੰਚਾਲਕ ਸਰਮਾ ਇਲੈਕਟ੍ਰੋਹੋਮਿਓਪੈਥਿਕ ਹਸਪਤਾਲ ਭਗਤਾ ਭਾਈ ਦਾ ਕਹਿਣਾ ਹੈ ਕਿ ਸਿਹਤਮੰਦ ਸਮਾਜ ਦੀ ਨੀਂਹ ਜਾਗਰੂਕ ਨਾਗਰਿਕਾਂ ਤੇ ਟਿਕੀ ਹੁੰਦੀ ਹੈ। ਅੱਜ ਕੁਝ ਵਪਾਰੀ ਵੱਧ ਮੁਨਾਫ਼ੇ ਲਈ ਘਟੀਆ ਅਤੇ ਨਕਲੀ ਪੀਣ ਵਾਲੇ ਪਦਾਰਥ ਵੇਚ ਰਹੇ ਹਨ, ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਸਰਕਾਰ ਨੂੰ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ’ਤੇ ਸਿਹਤ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਸਿਹਤ ਵਿਭਾਗ ਨੂੰ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਅਸਲੀ ਅਤੇ ਨਕਲੀ ਉਤਪਾਦਾਂ ਦੀ ਪਛਾਣ ਕਿਵੇਂ ਕੀਤੀ ਜਾਵੇ। ਲੋਕਾਂ ਨੂੰ ਸਿਰਫ਼ ਭਰੋਸੇਯੋਗ ਦੁਕਾਨਾਂ ਤੋਂ ਹੀ ਪਾਣੀ ਅਤੇ ਕੋਲਡ ਡਰਿੰਕ ਖਰੀਦਣੇ ਚਾਹੀਦੇ ਹਨ। ਬੱਚਿਆਂ ਨੂੰ ਵੀ ਇਸ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਿਹਤਮੰਦ ਚੋਣਾਂ ਕਰ ਸਕਣ। ਜਾਗਰੂਕਤਾ ਹੀ ਇਸ ਬੁਰਾਈ ਦਾ ਸਭ ਤੋਂ ਵੱਡਾ ਇਲਾਜ ਹੈ। ਸਰਕਾਰ ਨੂੰ ਸ਼ਿਕਾਇਤ ਪ੍ਰਣਾਲੀ ਹੋਰ ਆਸਾਨ ਬਣਾਉਣੀ ਚਾਹੀਦੀ ਹੈ : ਬੂਟਾ ਸਿੰਘ ਸਮਾਜ ਸੇਵੀ ਆਗੂ ਬੂਟਾ ਸਿੰਘ ਜੰਡੂ ਕੈਨੇਡੀਅਨ ਦਾ ਕਹਿਣਾ ਹੈ ਕਿ ਹਰ ਨਾਗਰਿਕ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤੂਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ। ਨਕਲੀ ਕੋਲਡ ਡਰਿੰਕ ਅਤੇ ਪਾਣੀ ਦੀ ਵਿਕਰੀ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਹੈ। ਸਰਕਾਰ ਨੂੰ ਸ਼ਿਕਾਇਤ ਪ੍ਰਣਾਲੀ ਹੋਰ ਆਸਾਨ ਬਣਾਉਣੀ ਚਾਹੀਦੀ ਹੈ ਤਾਂ ਜੋ ਲੋਕ ਤੁਰੰਤ ਜਾਣਕਾਰੀ ਦੇ ਸਕਣ। ਸਿਹਤ ਵਿਭਾਗ ਨੂੰ ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਜਾਂਚ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਖਰੀਦ ਸਮੇਂ ਬੋਤਲ ਦੀ ਸੀਲ, ਲੇਬਲ, ਨਿਰਮਾਣ ਮਿਤੀ ਅਤੇ ਐਫਐਸਐਸਏਆਈ ਨੰਬਰ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਕਿਸੇ ਉਤਪਾਦ ਦੀ ਗੁਣਵੱਤਾ ਸ਼ੱਕੀ ਲੱਗੇ ਤਾਂ ਉਸ ਨੂੰ ਵਰਤਣ ਦੀ ਬਜਾਏ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਜਾਗਰੂਕ ਉਪਭੋਗਤਾ ਹੀ ਅਜਿਹੇ ਧੋਖੇ ਨੂੰ ਰੋਕ ਸਕਦੇ ਹਨ।