ਬਿਜਲੀ ਸੋਧ ਬਿਲ ਤੇ ਸੀਡ ਬਿੱਲਾਂ ਦੀਆਂ ਸਾੜੀਆਂ ਕਾਪੀਆਂ
ਕਿਸਾਨਾਂ ਨੇ ਬਿਜਲੀ ਸੋਧ ਬਿਲ ਅਤੇ ਸੀਡ ਬਿੱਲਾਂ ਦੀਆਂ ਕਾਪੀਆਂ ਸਾੜੀਆਂ
Publish Date: Mon, 08 Dec 2025 07:13 PM (IST)
Updated Date: Tue, 09 Dec 2025 04:13 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ
ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ 2025 ਰਾਹੀਂ ਬਿਜਲੀ ਬੋਰਡ ਦੇ ਕੀਤੇ ਜਾ ਰਹੇ ਨਿੱਜੀਕਰਨ ਤੇ ਕਿਸਾਨਾਂ ਤੋਂ ਆਪਣਾ ਬੀਜ ਵਰਤਣ ਵਿਰੁੱਧ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਬਲਾਕ ਤਲਵੰਡੀ ਸਾਬੋ ਵੱਲੋਂ ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਬਿਜਲੀ ਦਫਤਰਾਂ ਅੱਗੇ ਦੋਵੇਂ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਬਿੰਦਰ ਜੋਗੇਵਾਲਾ ਤੇ ਜਨਰਲ ਸਕੱਤਰ ਕਾਲਾ ਚੱਠੇਵਾਲਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਭਾਗੀ ਵਾਂਦਰ, ਜਮੂਹਰੀ ਕਿਸਾਨ ਸਭਾ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਬਲਾਕ ਆਗੂ ਹਰੀ ਸਿੰਘ, ਸਾਬਕਾ ਸੈਨਿਕ ਸਰਵਿਸਮੈਨ ਯੂਨੀਅਨ ਪੰਜਾਬ ਸਰਕਲ ਸਕੱਤਰ ਬੇਅੰਤ ਸਿੰਘ, ਐੱਮਐੱਸਯੂ ਤੇ ਪੀਐੱਸਈਬੀ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ। ਇਸ ਐਕਟ ਅਧੀਨ ਕੇਂਦਰ ਦੀ ਮੋਦੀ ਸਰਕਾਰ ਸੂਬਿਆਂ ਤੋਂ ਲੋਕਾਂ ਲਈ ਬਿਜਲੀ ਦੀ ਸਹੂਲਤਾਂ ਦੇ ਅਧਿਕਾਰ ਖੋਹ ਕੇ ਕੇਂਦਰ ਸਰਕਾਰ ਆਪਣੇ ਹੱਥ ਵਿੱਚ ਕਰਨ ਲਈ ਰਾਹ ਪੱਧਰਾ ਕਰ ਰਹੀ ਹੈ। ਇਸ ਦੇ ਲਾਗੂ ਹੋਣ ਨਾਲ ਸਾਰਾ ਬਿਜਲੀ ਪ੍ਰਬੰਧ ਨਿੱਜੀ ਹੱਥਾਂ ਵਿਚ ਜਾਣ ਕਾਰਨ ਕੰਪਨੀਆਂ ਵੱਲੋਂ ਗਰੀਬ ਲੋਕਾਂ ਨੂੰ ਮਿਲਦੀਆਂ ਸਾਰੀਆਂ ਸਬਸਿਡੀਆਂ ਬੰਦ ਹੋਣ ਕਾਰਨ ਤੇ ਖੇਤੀ ਮੋਟਰਾਂ ਲਈ ਮਿਲਦੀ ਮੁਫਤ ਬਿਜਲੀ ਦੀਆਂ ਕੀਮਤਾਂ ਵੀ ਬਹੁਤ ਵੱਧ ਜਾਣਗੀਆਂ ਜੋ ਕਿ ਆਮ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ ਤੇ ਕਿਸਾਨ ਜ਼ਮੀਨਾਂ ਛੱਡਣ ਲਈ ਮਜਬੂਰ ਹੋਣਗੇ। ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਦੇ ਸਮੂਹ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਲੋਕਾਂ ਤੇ ਇਸ ਵੱਡੇ ਹਮਲੇ ਨੂੰ ਰੋਕਣ ਲਈ ਸਿਰਫ ਕਿਸਾਨ, ਮੁਲਾਜ਼ਮ ਜਾਂ ਮਜ਼ਦੂਰ ਜਥੇਬੰਦੀਆਂ ਨਹੀਂ ਰੋਕ ਸਕਦੀਆਂ ਇਸ ਹਮਲੇ ਨੂੰ ਰੋਕਣ ਲਈ ਸਮੂਹ ਕਿਰਤੀ ਲੋਕਾਂ ਨੂੰ ਸੰਘਰਸ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ। ਅੱਜ ਦੇ ਇਕੱਠ ’ਚ ਕਿਸਾਨਾਂ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਠੇਕਾ ਕਾਮਿਆਂ, ਮਜ਼ਦੂਰਾਂ ਸਮੇਤ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।