ਐਡਵੋਕੇਟ ਰਾਜਨ ਗਰਗ ਕਾਂਗਰਸ ਸ਼ਹਿਰੀ ਦੇ ਮੁੜ ਬਣੇ ਪ੍ਰਧਾਨ, ਵਰਕਰ ਖ਼ੁਸ਼
ਐਡਵੋਕੇਟ ਰਾਜਨ ਗਰਗ ਕਾਂਗਰਸ ਬਠਿੰਡਾ ਸ਼ਹਿਰੀ ਦੇ ਲਗਾਤਾਰ ਦੂਸਰੀ ਵਾਰ ਬਣੇ ਪ੍ਰਧਾਨ
Publish Date: Wed, 12 Nov 2025 05:03 PM (IST)
Updated Date: Wed, 12 Nov 2025 05:04 PM (IST)
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਐਡਵੋਕੇਟ ਰਾਜਨ ਗਰਗ ਲਗਾਤਾਰ ਦੂਸਰੀ ਵਾਰ ਕਾਂਗਰਸ ਪਾਰਟੀ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਗਰਗ ਦੇ ਪ੍ਰਧਾਨ ਬਣਦਿਆਂ ਹੀ ਉਨ੍ਹਾਂ ਨੂੰ ਚਾਹਉਣ ਵਾਲੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਰਾਜਨ ਗਰਗ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਐਡਵੋਕੇਟ ਰਾਜਨ ਗਰਗ ਨੇ ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮਲਿਕਅਰਜੁਨ ਖੜ੍ਹਗੇ, ਕੇਸੀ ਵੇਣੁਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਪਾਰਟੀ ਨੇ ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਹ ਉਸ ’ਤੇ ਪੂਰੀ ਤਰ੍ਹਾਂ ਖਰਾਂ ਉਤਰਦਿਆਂ ਪਾਰਟੀ ਦੀ ਬਿਹਤਰੀ ਲਈ ਦਿਨ-ਰਾਤ ਕੰਮ ਕਰਨਗੇ।
ਇਸ ਮੌਕੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਜਰਨਲ ਸਕੱਤਰ ਨਰੇਸ਼ ਕੁਮਾਰ ਗਰਗ, ਜ਼ਿਲ੍ਹਾ ਜਰਨਲ ਸਕੱਤਰ ਜਗਦੀਸ਼ ਖੁਰਾਣਾ, ਜ਼ਿਲ੍ਹਾ ਵਾਈਸ ਪ੍ਰਧਾਨ ਤੇ ਕੌਂਸਲਰ ਠੇਕੇਦਾਰ ਬਲਜਿੰਦਰ ਸਿੰਘ, ਡੈਲੀਗੇਟ ਪੰਜਾਬ ਪ੍ਰਦੇਸ਼ ਕਮੇਟੀ ਤੇ ਮਾਰਕਫੈੱਡ ਦੇ ਚੇਅਰਮੈਨ ਟਹਿਲ ਸਿੰਘ ਸੰਧੂ, ਮੰਡਲ ਪ੍ਰਧਾਨ ਰਵੀ ਖਰੇਰਾ, ਧਾਨਕ ਸਮਾਜ ਦੇ ਪ੍ਰਧਾਨ ਸੋਨੂੰ ਖਰੇਰਾ ਤੇ ਐਡਵੋਕੇਟ ਹਰਮਨ ਕੋਟਫੱਤਾ ਸਮੇਤ ਸਮੁੱਚੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਵਾਰ ਜ਼ਿਲ੍ਹਾ ਪ੍ਰਧਾਨ ਦੀ ਚੋਣ ਰਾਹੁਲ ਗਾਂਧੀ ਤੇ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਅਰਜੁਨ ਖੜਗੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਧਾਨ ਦੀ ਚੋਣ ਚਲਾਏ ਗਏ ਸੰਗਠਨ ਸਿਰਜਣ ਅਭਿਆਨ ਤਹਿਤ ਹੋਈ। ਇਹ ਅਭਿਆਨ ਤਹਿਤ ਆਬਜ਼ਰਵਰ ਦੇ ਤੌਰ ’ਤੇ ਬਾਲਾ ਬਚਨ ਤੇ ਸਟੇਟ ਆਬਜ਼ਰਵਰ ਦੁਰਲਭ ਸਿੰਘ ਸਿੱਧੂ ਪਹੁੰਚੇ ਸਨ, ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਵਰਕਰਾਂ ਨਾਲ ਮੀਟਿੰਗ ਕਰ ਕੇ ਜ਼ਿਲ੍ਹਾ ਪ੍ਰਧਾਨ ਲਈ ਵਰਕਰਾਂ ਤੋਂ ਫੀਡ ਬੈਕ ਲਈ ਗਈ ਸੀ।
ਇਸ ਵਾਰ ਜ਼ਿਲ੍ਹਾ ਪ੍ਰਧਾਨ ਵਰਕਰਾਂ ਦੀ ਸਹਿਮਤੀ ਨਾਲ ਬਣਾਇਆ ਗਿਆ ਹੈ। ਵਰਕਰਾਂ ਦੀ ਸਾਰੀ ਫੀਡਬੈਕ ਲੈ ਕੇ ਦਿੱਲੀ ਹਾਈਕਮਾਂਡ ਨੂੰ ਭੇਜੀ ਗਈ ਸੀ, ਜਿਸ ਆਧਾਰ ’ਤੇ ਰਾਜਨ ਗਰਗ ਦੀ ਜ਼ਿਲ੍ਹਾ ਪ੍ਰਧਾਨ ਲਈ ਚੋਣ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਿਹੜਾ ਕਿ ਵਰਕਰਾਂ ਦੀ ਆਪਣੀ ਪਸੰਦ ਅਨੁਸਾਰ ਜ਼ਿਲ੍ਹਾ ਪ੍ਰਧਾਨ ਬਣਿਆ ਹੈ। ਕਾਂਗਰਸੀ ਵਰਕਰਾਂ ਵੱਲੋਂ ਵੀ ਇਸ ਅਭਿਆਨ ਦੀ ਸ਼ਲਾਘਾ ਕੀਤੀ ਗਈ ਸੀ ਕਿ ਉਨ੍ਹਾਂ ਦੀ ਸਹਿਮਤੀ ਲੈ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਬੂਥ ਪੱਧਰ ’ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ।