ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਬੋਰਵੈਲ ਵਿਚ ਵਿਚ ਡਿੱਗੇ ਦੋ ਸਾਲਾਂ ਮਾਸੂਮ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਐਨਡੀਆਰਐਫ਼ ਦੀ ਟੀਮ ਨੇ ਕਮ ਅਲੋਨ ਆਪ੍ਰੇਸ਼ਨ ਚਲਾਇਆ ਸੀ ਪਰ ਫ਼ਿਰ ਵੀ ਮਾਸੂਮ ਦੀ ਜਾਨ ਨਹੀਂ ਬਚ ਸਕੀ। ਪਿਛਲੇ ਛੇ ਦਿਨ ਤੋਂ ਬਚਾਅ ਕਾਰਜ਼ਾਂ ਵਿਚ ਲੱਗੀ ਟੀਮ ਮੰਗਲਵਾਰ ਨੂੰ ਬਠਿੰਡਾ ਪਰਤ ਆਈ ਹੈ। ਐਨਡੀਆਰਐਫ਼ ਦੀ 27 ਮੈਂਬਰੀ ਟੀਮ ਦੀ ਅਗਵਾਈ ਜੀਓ ਓਮ ਪ੍ਰਕਾਸ਼ ਬਿਸ਼ਨੋਈ ਕਰ ਰਹੇ ਸਨ। ਹੁਣ ਉਹ ਸਾਈਕਲੋਨ ਦੇ ਮੱਦੇਨਜ਼ਰ ਬਚਾਅ ਕਾਰਜਾਂ ਲਈ ਗੁਜਰਾਤ ਚਲੇ ਗਏ ਹਨ।

ਬਠਿੰਡਾ ਐਨਡੀਆਰਐਫ਼ ਦੇ ਅਧਿਕਾਰੀਆਂ ਅਨੁਸਾਰ ਟੀਮ ਨੇ ਬੜੀ ਜੀਅ ਜਾਨ ਨਾਲ ਬਚਾਅ ਕਾਰਜ ਕੀਤੇ ਪਰ ਲੋੜੀਦੀ ਮਸ਼ੀਨਰੀ ਤੇ ਹੋਰ ਸਾਧਨਾਂ ਦੀ ਕਮੀ ਅਤੇ ਬੱਚੇ ਦੀ ਜਗ੍ਹਾ ਦੀ ਸਹੀ ਦਿਸ਼ਾ ਨਾ ਮਿਲਣ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਵਿਚ ਕਈ ਲੋਕਾਂ ਦੀ ਆਪ ਮੁਹਾਰੇ ਕੀਤੀ ਗਈ ਕਾਰਵਾਈ ਵੀ ਮੁਸ਼ਕਿਲ ਦਾ ਕਾਰਨ ਬਣੀ। ਟੀਮ ਨੇ ਬਚਾਅ ਕਾਰਜਾਂ ਨੂੰ ਆਪ੍ਰੇਸ਼ਨ ਕਮ ਅਲੋਨ ਦਾ ਨਾਮ ਦਿੱਤਾ ਗਿਆ ਸੀ ਜਿਸਦਾ ਮਤਲਬ ਸੀ ਕਿ ਬੱਚੇ ਨੂੰ ਸਹੀ ਸਲਾਮਤ ਆਪਣੇ ਨਾਲ ਬਾਹਰ ਕੱਢ ਲਿਆਉਣਾ।


ਦੋ ਘੰਟਿਆਂ 'ਚ ਹਾਦਸੇ ਵਾਲੀ ਜਗ੍ਹਾ ਪੁੱਜ ਗਈ ਸੀ ਟੀਮ

ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਚ ਹਾਦਸੇ ਦੀ ਖਬਰ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਦੋ ਘੰਟਿਆਂ ਵਿਚ ਹੀ ਟੀਮ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚ ਗਈ ਸੀ। ਟੀਮ ਨੇ ਤੁਰੰਤ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਸਨ। ਟੀਮ ਵਿਚ ਜੀਓ ਓਮਪ੍ਰਕਾਸ਼ ਬਿਸ਼ਨੋਈ ਤੇ ਨਾਲ ਇਕ ਸਹਾਇਕ ਅਫ਼ਸਰ ਤੇ 25 ਜਵਾਨ ਸ਼ਾਮਲ ਸਨ। ਟੀਮ ਦਾ ਕਹਿਣਾ ਸੀ ਕਿ ਭਾਵੇਂ ਪ੍ਰਸ਼ਾਸ਼ਨ ਦਾ ਸਹਿਯੋਗ ਰਿਹਾ ਪਰ ਬੱਚੇ ਨੂੰ ਬਾਹਰ ਕੱਢਣ ਲਈ ਜੋ ਸਾਧਨ ਚਾਹੀਦੇ ਸਨ ਉਹ ਉਨ੍ਹਾਂ ਨੂੰ ਨਹੀਂ ਮਿਲ ਸਕੇ। ਉਨ੍ਹਾਂ ਦੱਸਿਆ ਟੀਮ ਕੋਲ ਜੋ ਆਕਸਜੀਨ ਦਾ ਸਿਲੰਡਰ ਹੁੰਦਾ ਹੈ, ਉਹ ਸਿਰਫ਼ ਦੋ ਘੰਟੇ ਹੀ ਕੰਮ ਕਰਦਾ ਹੈ।

ਫ਼ਤਿਹਵੀਰ ਨੂੰ ਜ਼ਿੰਦਾ ਬਾਹਰ ਕੱਢਣ ਲਈ ਐਨਡੀਆਰਐਫ਼ ਦੀ ਟੀਮ ਤੇ ਹੋਰਨਾਂ ਲੋਕਾਂ ਨੇ ਬੋਰਵੈਲ ਦੇ ਬਰਾਬਰ ਡੂੰਘੀ ਖੁਦਾਈ ਕਰ ਲਈ ਸੀ, ਪਰ ਸਹੀ ਦਿਸ਼ਾ ਨਾ ਹੋਣ ਕਾਰਨ ਬੱਚੇ ਤਕ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਸਾਰਾ ਕੰਮ ਮੈਨੂਅਲ ਕੀਤਾ ਗਿਆ।

ਹਿਮਾਚਲ 'ਚ ਇਕ ਦਿਨ 'ਚ ਕੱਢੇ ਸਨ ਤਿੰਨ ਲੋਕ

ਐਨਡੀਆਰਐਫ਼ ਦੀ ਟੀਮ ਅਨੁਸਾਰ ਸਾਲ 2015 ਵਿਚ ਹਿਮਾਚਲ ਦੇ ਬਿਲਾਸਪੁਰ ਖੇਤਰ ਵਿਚ ਟਨਲ ਡਿੱਗ ਪਈ ਸੀ ਜਿਸ ਦੇ ਹੇਠਾਂ ਕਈ ਲੋਕ ਦੱਬ ਗਏ ਸਨ। ਇਥੇ ਵੀ ਬਠਿੰਡਾ ਦੀ ਐਨਡੀਆਰਐਫ਼ ਪਹੁੰਚੀ ਸੀ, ਇੱਥੇ ਲੋੜੀਦੀ ਮਸ਼ੀਨੀਰੀ ਤੇ ਸਾਧਨ ਮੁਹੱਈਆ ਹੋਣ ਕਾਰਨ ਤਿੰਨ ਲੋਕਾਂ ਨੂੰ ਇਕ ਦਿਨ ਵੀ ਹੀ ਜਿੰਦਾ ਬਾਹਰ ਕੱਢ ਲਿਆ ਗਿਆ ਸੀ। ਇਸ ਤੋਂ ਇਲਾਵਾ ਸਾਲ 2013 ਵਿਚ ਟੀਮ ਨੇ ਉਤਰਾਖੰਡ ਵਿਚ ਆਈ ਆਫ਼ਤ ਦੌਰਾਨ ਲੋਕਾਂ ਦੀ ਜਾਨ ਬਚਾਈ ਸੀ। ਸਾਲ 2014 ਵਿਚ ਐਨਡੀਆਰਐਫ਼ ਟੀਮ ਨੇ ਜੰਮੂ ਕਸ਼ਮੀਰ ਵਿਚ ਆਏ ਹੜ੍ਹਾਂ ਦੌਰਾਨ ਬਚਾਅ ਕਾਰਜ ਕੀਤੇ ਸਨ।

ਇਸ ਆਪ੍ਰੇਸ਼ਨ ਦੌਰਾਨ ਟੀਮ ਦੇ ਦੋ ਮੈਂਬਰ ਦਾ ਕਤਲ ਵੀ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹੀ ਟੀਮ ਨੇ ਜਾਣਕਾਰੀ ਦਿੱਤੀ ਕਿ ਸਾਲ 2015 ਵਿਚ ਆਏ ਭੁਚਾਲ, ਸਾਲ 2016 ਸਾਊਥ ਭਾਰਤ ਵਿਚ ਸਾਈਕਲੋਨ ਤੇ 2019 ਵਿਚ ਉੜੀਸਾ ਅੰਦਰ ਆਏ ਭੁਚਾਲ ਵਿਚ ਬਚਾਅ ਕਾਰਜ਼ ਕੀਤੇ ਸਨ। ਐਨਡੀਆਰਐਫ ਦੇ ਅਧਿਕਾਰੀ ਜਤਿੰਤਰ ਸਿੰਘ ਨੇ ਦੱਸਿਆ ਕਿ ਬਠਿੰਡਾ 'ਚ ਐਨਡੀਆਰਐਫ਼ ਦਾ ਮੁੱਖ ਦਫ਼ਤਰ ਹੈ ਜਿੱਥੋਂ ਕੁਦਰਤੀ ਆਫ਼ਤ ਆਉਣ ਸਮੇਂ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਤੇ ਚੰਡੀਗੜ੍ਹ ਦੇ ਖੇਤਰ ਵਿਚ ਇਹ ਤਰੁੰਤ ਮਦਦ ਲਈ ਪੁੱਜਦੀ ਹੈ।


ਨਹੀਂ ਢਕੇ ਜਾਂਦੇ ਬੋਰਵੈਲ

ਬੋਰਵੈਲ ਨੂੰ ਲੈ ਕੇ ਲੋਕ ਵੀ ਨਿਯਮਾਂ ਦੀ ਅਣਦੇਖੀ ਕਰਦੇ ਹਨ। ਇੰਨ੍ਹਾਂ ਨਿਯਮਾਂ ਨੂੰ ਪੂਰਾ ਕਰਵਾਉਣ ਲਈ ਪ੍ਰਸ਼ਾਸ਼ਨ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਨਿਯਮਾਂ ਅਨੁਸਾਰ ਜੇਕਰ ਕੋਈ ਬੋਰਵੈਲ ਪੁੱਟਦਾ ਹੈ ਤਾਂ ਉਸ ਉੱਪਰ ਢੱਕਣ ਲਗਾਉਣਾ ਅਤੀ ਜਰੂਰੀ ਹੁੰਦਾ ਹੈ।


ਵਿਸਥਾਰ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਸੌਂਪੀ ਜਾਵੇਗੀ : ਥੋਰੀ

ਪਿੰਡ ਭਗਵਾਨਪੁਰਾ ਵਿਚ ਵਾਪਰੇ ਮੰਦਭਾਗੇ ਹਾਦਸੇ ਦੀ ਖਬਰ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਬਚਾਅ ਕਾਰਜਾਂ ਵਿਚ ਲੱਗੀ ਐਨਡੀਆਰਐਫ਼ ਟੀਮ ਨੂੰ ਜਰੂਰਤ ਮੁਤਾਬਿਕ ਸਮਾਨ ਮੁਹੱਈਆ ਕਰਵਾਇਆ ਗਿਆ ਸੀ ਪਰ ਫ਼ਿਰ ਵੀ ਫ਼ਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਸਬੰਧੀ ਵਿਸਥਾਰ ਸਾਹਿਤ ਰਿਪੋਰਟ ਤਿਆਰ ਕਰਕੇ ਉਹ ਮੁੱਖ ਮੰਤਰੀ ਦਫ਼ਤਰ ਨੂੰ ਸੌਂਪਣਗੇ।

Posted By: Jagjit Singh