ਗੁਰਤੇਜ ਸਿੰਘ ਸਿੱਧੂ, ਬਠਿੰਡਾ : ਕੀੜੇਮਾਰ ਦਵਾਈਆਂ ਤੇ ਖਾਦਾਂ ਦੀ ਅੰਨ੍ਹੇਵਾਹ ਹੋ ਰਹੀ ਵਰਤੋਂ ਅਤੇ ਪਰਾਲੀ ਸਾੜੇ ਜਾਣ ਨੂੰ ਲੈ ਕੇ ਭਾਵੇਂ ਹਰ ਕੋਈ ਆਪਣੀ ਚਿੰਤਾ ਜ਼ਾਹਿਰ ਕਰ ਰਿਹਾ ਹੈ ਪਰ ਅਸਲ ਸੱਚਾਈ ਇਹ ਹੈ ਕਿ ਇਸ ਵਰਤਾਰੇ ਨੂੰ ਰੋਕਣ ਲਈ ਸਹਾਈ ਹੋਣ ਵਾਲੀ ਕੁਦਰਤੀ ਖੇਤੀ ਪ੍ਰਤੀ ਸਰਕਾਰ ਨੇ ਬੇਰੁਖ਼ੀ ਅਪਨਾਈ ਹੋਈ ਹੈ। ਬਹੁਤ ਥੋੜੇ ਕਿਸਾਨ ਕੁਦਰਤੀ ਤੇ ਜੈਵਿਕ ਖੇਤੀ ਨੂੰ ਆਪਣੇ ਬਲਬੂਤੇ 'ਤੇ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰ ਰਹੀ।

ਜੈਵਿਕ ਪਦਾਰਥਾਂ ਦੀ ਪਰਖ ਕਰਨ ਲਈ ਵੀ ਪੰਜਾਬ ਅੰਦਰ ਕੋਈ ਪ੍ਰਬੰਧ ਨਹੀਂ ਹੈ। ਬਠਿੰਡਾ ਜ਼ਿਲ੍ਹੇ ਅੰਦਰ ਕੋਈ ਦੋ ਦਰਜਨ ਕਿਸਾਨ ਜੈਵਿਕ ਤੇ ਕੁਦਰਤੀ ਖੇਤੀ ਅਪਨਾ ਕੇ ਮਿੱਟੀ-ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ। ਜੈਵਿਕ ਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਖੇਤੀ ਵਿਭਾਗ ਭਾਵੇਂ ਕਿਸਾਨਾਂ ਨੂੰ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਜ਼ਿਆਦਾ ਵਰਤੋਂ ਨਾ ਕਰਨ ਲਈ ਤਾਂ ਕਹਿ ਰਹੇ ਹਨ ਪਰ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਮੋੜਨ ਲਈ ਕੁਝ ਨਹੀਂ ਕਰ ਰਹੇ। ਸਰਕਾਰ ਦੀ ਖੇਤੀ ਨੀਤੀ ਵਿਚ ਹੀ ਜੈਵਿਕ ਖੇਤੀ ਨਹੀਂ ਹੈ।

ਪਿਛਲੇ ਲੰਬੇ ਸਮੇਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਖੇਤੀ ਕਰਨ ਵਾਲੇ ਕਿਸਾਨ ਲਖਵਿੰਦਰ ਸਿੰਘ, ਹਰਤੇਜ ਸਿੰਘ ਮਹਿਤਾ ਤੇ ਬਲਵਿੰਦਰ ਸਿੰਘ ਅਨੁਸਾਰ ਖੇਤੀ 'ਤੇ ਲਾਗਤ ਖ਼ਰਚ ਵੱਧ ਰਿਹਾ ਹੈ ਜਦਕਿ ਉਤਪਾਦਨ ਘੱਟ ਰਿਹਾ ਹੈ। ਅੰਨ੍ਹੇਵਾਹ ਵਰਤੀਆਂ ਕੀੜੇਮਾਰ ਦਵਾਈਆਂ ਤੇ ਖਾਦਾਂ ਦਾ ਹੀ ਕਾਰਨ ਹੈ ਕਿ ਹਰ ਘਰ ਕਿਸੇ ਨਾ ਕਿਸੇ ਬੀਮਾਰੀ ਦਾ ਮਰੀਜ਼ ਮੰਜੇ 'ਤੇ ਪਿਆ ਹੈ। ਉਨ੍ਹਾਂ ਕਿਹਾ ਜੇ ਕਿਸਾਨ ਕੁਦਰਤੀ ਖੇਤੀ ਕਰੇ ਤਾਂ ਜਿੱਥੇ ਫ਼ਸਲਾਂ 'ਤੇ ਲਾਗਤ ਖ਼ਰਚ ਘੱਟ ਤੇ ਉਤਪਾਦਨ ਵਧੇਗਾ, ਉਥੇ ਹੀ ਮਨੁੱਖ ਦਾ ਬੀਮਾਰੀਆਂ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਮਿੱਟੀ ਪਾਣੀ ਪੂਰੀ ਤਰ੍ਹਾਂ ਪਲੀਤ ਹੋ ਚੁੱਕਾ ਹੈ।

ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਕੁਦਰਤੀ ਖੇਤੀ ਵੀ ਇਕ ਬਹੁਤ ਵੱਡੀ ਲੜਾਈ ਹੈ। ਵੱਡੇ ਵੱਡੇ ਕਾਰਪੋਰੇਟ ਘਰਾਣੇ ਨਹੀਂ ਚਾਹੁੰਦੇ ਕਿ ਕਿਸਾਨ ਕੁਦਰਤੀ ਖੇਤੀ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਤੋਂ ਦੂਰ ਕਰਨ ਦੀਆਂ ਲਗਾਤਾਰ ਕੋਸ਼ਿਸਾਂ ਹੋ ਰਹੀਆਂ ਹਨ।

ਇਹੀ ਕਾਰਨ ਹੈ ਕਿ ਹਰ ਸਾਲ ਦਸ ਫ਼ੀਸਦੀ ਕਿਸਾਨ ਖੇਤੀ ਨੂੰ ਅਲਵਿਦਾ ਕਹਿ ਰਹੇ ਹਨ। ਕਿਸਾਨ ਦਾ ਪੁੱਤਰ ਆਪਣੇ ਪਿਤਾ ਪੁਰਖੀ ਕਿੱਤੇ ਖੇਤੀ ਨੂੰ ਅਪਨਾਉਣ ਤੋਂ ਇਨਕਾਰੀ ਹੈ ਕਿਉਂਕਿ ਇਹ ਧਾਰਨਾ ਬਣ ਗਈ ਹੈ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕੁਦਰਤੀ ਖੇਤੀ ਤਕਨੀਕ ਅਨੁਸਾਰ ਕੀਤੀ ਜਾਵੇ ਤਾਂ ਇਸ ਵਿਚ ਲਾਭ ਹੈ। ਉਨ੍ਹਾਂ ਕਿਹਾ ਬਹੁਤ ਸਾਰੀਆਂ ਕੰਪਨੀਆਂ ਨੇ ਜੈਵਿਕ ਖੇਤੀ ਵਿਚ ਆਪਣਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਲਈ ਬਜ਼ਾਰ ਵਿਚੋਂ ਕੁਝ ਖ਼ਰੀਦਣ ਦੀ ਬਜਾਏ ਆਪਣੀਆਂ ਫ਼ਸਲਾਂ ਵੇਚਣ ਲਈ ਹੀ ਜਾਣ। ਕਿਸਾਨਾਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਤੋਰਨ ਲਈ ਉਨ੍ਹਾਂ ਦੀ ਮਦਦ ਕਰੇ।