ਪੱਤਰ ਪ੍ਰਰੇਰਕ, ਬਾਲਿਆਂਵਾਲੀ : ਪਿੰਡ ਭੂੰਦੜ ਵਿਖੇ ਮੰਗਲਵਾਰ ਬਾਅਦ ਦੁਪਹਿਰ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਜਾਣਕਾਰੀ ਅਨੁਸਾਰ ਮਿ੍ਤਕ ਰਣਜੀਤ ਸਿੰਘ ਉਰਫ ਰਾਣਾ (32) ਪੁੱਤਰ ਗੁਰਜੰਟ ਸਿੰਘ ਇਕ ਜ਼ਿੰਮੀਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ।

ਉਕਤ ਨੌਜਵਾਨ ਪਹਿਲਾਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤੇ ਹੁਣ ਬੇਰੁਜ਼ਗਾਰ ਸੀ। ਮੰਗਲਵਾਰ ਬਾਅਦ ਦੁਪਹਿਰ ਭੂੰਦੜ-ਢੱਡੇ ਰੋਡ 'ਤੇ ਗੁਰਦੁਆਰਾ ਬੇਰੀ ਸਾਹਿਬ ਨੇੜੇ ਕੁਝ ਅਣਪਛਾਤਿਆਂ ਵੱਲੋਂ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿ੍ਤਕ ਰਣਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਅਜੇ ਕੁਆਰਾ ਸੀ।

ਮੌਕੇ 'ਤੇ ਪੁੱਜੇ ਪਹੁੰਚੇ ਐੱਸਪੀ (ਇਨਵੈਸਟੀਗੇਸ਼ਨ) ਬਠਿੰਡਾ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।