ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ : ਥਾਣਾ ਦਿਆਲਪੁਰਾ ਦੇ ਮਾਲਖ਼ਾਨੇ ਵਿਚੋਂ ਗ਼ਾਇਬ ਹੋਏ ਅਸਲਾ ਲਾਇਸੈਂਸਾਂ ਦੇ ਮਾਮਲੇ ਵਿਚ ਥਾਣੇ ਦੇ ਮੌਕੇ ਦੇ ਮੁਨਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਥਾਣੇ ’ਚੋਂ ਅਸਲੇ ਦੇ ਗ਼ਾਇਬ ਹੋਣ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਉਕਤ ਮੁਨਸ਼ੀ ਗ਼ੈਰ-ਹਾਜ਼ਰ ਚੱਲ ਰਿਹਾ ਸੀ ਜਿਸ ਕਾਰਨ ਉਸ ਨੂੰ ਮੁਅੱਤਲ ਕੀਤਾ ਗਿਆ ਹੈ। ਮੁਨਸ਼ੀ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਮਾਲਖ਼ਾਨੇ ਵਿਚੋਂ ਅਸਲਾ ਗ਼ਾਇਬ ਹੋਣ ਵਿਚ ਉਕਤ ਮੁਨਸ਼ੀ ਦਾ ਹੱਥ ਹੈ।

ਜਾਣਕਾਰੀ ਅਨੁਸਾਰ ਨਸ਼ਾ ਤਸਕਰਾਂ ਕੋਲੋਂ ਮਿਲੇ ਅਸਲੇ ਦੇ ਮਾਲਕ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਾਲ 2020 ਦੌਰਾਨ ਉਸ ਨੇ ਆਪਣਾ ਲਾਇਸੈਂਸੀ ਅਸਲਾ ਥਾਣਾ ਦਿਆਲਪੁਰਾ ਵਿਖੇ ਜਮ੍ਹਾਂ ਕਰਵਾਇਆ ਸੀ ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਅਸਲਾ ਰਾਮਪੁਰਾ ਵਿਚ ਨਸ਼ਾ ਤਸਕਰਾਂ ਕੋਲੋਂ ਬਰਾਮਦ ਹੋਇਆ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਥਾਣੇ ਦੇ ਮੁਨਸ਼ੀ ਸੰਦੀਪ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਜਦੋਂ ਉਸ ਨੇ ਆਪਣੇ ਪੱਧਰ ’ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਥਾਣੇ ਦੇ ਮਾਲਖ਼ਾਨੇ ’ਚੋਂ ਉਸ ਦਾ ਅਸਲਾ ਗ਼ਾਇਬ ਹੋ ਗਿਆ।

ਉਕਤ ਮਾਮਲੇ ਤੋਂ ਬਾਅਦ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਥਾਣੇ ’ਚੋਂ ਕਰੀਬ ਅੱਠ ਅਜਿਹੇ ਲਾਇਸੈਂਸੀ ਹਥਿਆਰ ਗ਼ਾਇਬ ਹੋ ਗਏ ਸਨ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਲਈ ਰਾਮਪੁਰਾ ਫੂਲ ਦੇ ਡੀਐੱਸਪੀ ਅਸ਼ਵੰਤ ਸਿੰਘ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐੱਸਆਈਟੀ ਨੇ ਉਕਤ ਮਾਮਲੇ ਦੀ ਜਾਂਚ ਕੁਝ ਮਹੀਨਿਆਂ ’ਚ ਹੀ ਪੂਰੀ ਕਰ ਲਈ ਸੀ ਪਰ ਇਸ ਮਾਮਲੇ ’ਚ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਸਬੰਧੀ ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਮੁਨਸ਼ੀ ਨੂੰ ਗ਼ੈਰ-ਹਾਜ਼ਰ ਰਹਿਣ ਦੇ ਦੋਸ਼ ਹੇਠ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਹਥਿਆਰ ਲਾਪਤਾ ਹੋਣ ਦੇ ਮਾਮਲੇ ਵਿਚ ਕਾਰਵਾਈ ਸਿਟ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।

Posted By: Jagjit Singh