ਗੁਰਤੇਜ ਸਿੰਘ ਸਿੱਧੂ, ਬਠਿੰਡਾ : ਮੌੜ ਮੰਡੀ 'ਚ 31 ਜਨਵਰੀ 2017 ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਐੱਸਆਈਟੀ ਨੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮੰਗਲਵਾਰ ਨੂੰ ਡੇਰਾ ਸਿਰਸਾ ਦੇ ਪ੍ਰਬੰਧਕਾਂ ਤੋਂ ਐੱਸਆਈਟੀ ਨੇ ਪੁੱਛਗਿੱਛ ਕੀਤੀ। ਐੱਸਆਈਟੀ ਦੇ ਨੋਟਿਸ ਤੋਂ ਬਾਅਦ ਮੰਗਲਵਾਰ ਨੂੰ ਡੇਰੇ ਦੇ ਪੰਜ ਮੈਂਬਰ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਅੱਗੇ ਪੇਸ਼ ਹੋਏ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਕਰੀਬ ਦੋ ਘੰਟੇ ਡੇਰੇ ਦੇ ਪ੍ਰਬੰਧਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਡੇਰਾ ਪ੍ਰਬੰਧਕਾਂ ਵਿਚ ਕਿਹੜੇ-ਕਿਹੜੇ ਮੈਂਬਰ ਜਾਂਚ ਟੀਮ ਅੱਗੇ ਪੇਸ਼ ਹੋਏ ਉਨ੍ਹਾਂ ਦੀ ਪਛਾਣ ਨਹੀਂ ਦੱਸੀ ਜਾ ਰਹੀ। ਭਾਵੇਂ ਪੁਲਿਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਨੋਟਿਸ ਜਾਰੀ ਕਰ ਕੇ ਐੱਸਆਈਟੀ ਦੇ ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਅਤੇ ਸਵੇਰੇ ਦੀ ਚਰਚਾ ਚੱਲ ਰਹੀ ਸੀ ਕਿ ਵਿਪਾਸਨਾ ਐੱਸਆਈਟੀ ਅੱਗੇ ਪੇਸ਼ ਹੋਵੇਗੀ। ਇਸ ਤੋਂ ਪਹਿਲਾਂ ਵੀ ਐੱਸਆਈਟੀ ਨੇ ਦੋ ਵਾਰ ਡੇਰੇ ਦੀ ਚੇਅਰਪਰਸਨ ਨੂੰ 15 ਅਤੇ 23 ਜਨਵਰੀ ਨੂੰ ਬਠਿੰਡਾ ਵਿਚ ਪੇਸ਼ ਹੋਣ ਲਈ ਬੁਲਾਇਆ ਸੀ ਪਰ ਉਹ ਨਹੀਂ ਪੁੱਜੀ ਸੀ, ਜਦੋਂ ਕਿ ਉਸ ਦੀ ਥਾਂ ਹੋਰ ਅਹੁਦੇਦਾਰ ਪੇਸ਼ ਹੋਏ ਸਨ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੇਸ਼ ਹੋਏ ਕਮੇਟੀ ਮੈਂਬਰਾਂ ਤੋਂ ਕਈ ਸਵਾਲ ਕੀਤੇ ਗਏ। ਇਸ ਤੋਂ ਇਲਾਵਾ ਜਾਂਚ ਨਾਲ ਸਬੰਧਤ ਕੁਝ ਰਿਕਾਰਡ ਆਦਿ ਪੇਸ਼ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਕੁਝ ਡੇਰੇ ਵੱਲੋਂ ਪੇਸ਼ ਕਰ ਦਿੱਤਾ ਗਿਆ ਹੈ ਅਤੇ ਬਾਕੀ ਜਲਦੀ ਹੀ ਪੇਸ਼ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲੰਘੀ 13 ਫਰਵਰੀ ਨੂੰ ਜਾਂਚ ਕਰ ਰਹੀ ਐੱਸਆਈਟੀ ਟੀਮ ਨੇ ਡੇਰੇ ਦੀ ਪ੍ਰਬੰਧਕਾਂ ਨੂੰ ਦੁਬਾਰਾ ਤੋਂ ਨੋਟਿਸ ਜਾਰੀ ਕਰਕੇ 18 ਫਰਵਰੀ ਨੂੰ ਬਠਿੰਡਾ ਵਿਚ ਐੱਸਟੀਆਈ ਕੋਲ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਇਸ ਨੋਟਿਸ ਦੇ ਜ਼ਰੀਏ ਡੇਰਾ ਪ੍ਰਬੰਧਕਾਂ ਨੂੰ ਵਰਕਸ਼ਾਪ ਨਾਲ ਸਬੰਧਤ ਰਿਕਾਰਡ ਪੇਸ਼ ਕਰਨ ਦੇ ਆਦੇਸ਼ ਵੀ ਐਸਟੀਆਈ ਨੇ ਜਾਰੀ ਕੀਤੇ ਸਨ।

ਡੀਐੱਸਪੀ ਗੁਰਦੇਵ ਸਿੰਘ ਭੱਲਾ ਦੀ ਅਗਵਾਈ ਵਿਚ ਪੁਲਿਸ ਟੀਮ ਸਿਰਸਾ ਪੁੱਜੀ ਸੀ ਅਤੇ ਪੇਸ਼ ਹੋਣ ਲਈ ਨੋਟਿਸ ਦਿੱਤਾ ਗਿਆ। ਇਸ ਤੋਂ ਪਹਿਲਾਂ ਪੁਲਿਸ ਟੀਮ ਨੇ ਥਾਣਾ ਸਦਰ ਸਿਰਸਾ ਵਿਚ ਆਮਦ ਦਰਜ ਕਰਵਾਈ। ਇਹ ਵੀ ਚੇਤੇ ਰੱਖਣਾ ਜ਼ਰੂਰੀ ਹੈ ਕਿ ਲੰਘੀ 14 ਫਰਵਰੀ ਨੂੰ ਮੌੜ ਬੰਬ ਧਮਾਕੇ ਦੇ ਮਾਮਲੇ ਦੀ ਸੁਣਵਾਈ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਤੈਅ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋ ਸਕੀ ਅਤੇ ਮਾਮਲੇ ਦੀ ਅਗਲੀ ਤਰੀਕ 6 ਮਾਰਚ ਤੈਅ ਕੀਤੀ ਗਈ ਹੈ।

ਬੰਬ ਧਮਾਕੇ 'ਚ ਵਰਤੀ ਕਾਰ ਡੇਰੇ 'ਚ ਹੋਈ ਸੀ ਤਿਆਰ

ਮੌੜ ਬੰਬ ਧਮਾਕੇ ਵਿਚ ਵਰਤੀ ਗਈ ਮਾਰੂਤੀ ਕਾਰ ਡੇਰੇ ਵਿਚ ਹੀ ਤਿਆਰ ਕੀਤੀ ਗਈ ਸੀ। ਇਸ ਦਾ ਖ਼ੁਲਾਸਾ ਗਵਾਹਾਂ ਨੇ ਅਦਾਲਤ ਵਿਚ ਪੇਸ਼ ਹੋ ਕੇ ਕੀਤਾ ਸੀ। ਵਰਕਸ਼ਾਪ ਵਿਚ ਕਾਰ ਨੂੰ ਰੰਗ ਰੋਗਨ ਕੀਤਾ ਗਿਆ। ਇਸ ਕੇਸ ਵਿਚ ਅਮਰੀਕ ਸਿੰਘ ਵਾਸੀ ਬਾਦਲਗੜ੍ਹ ਜ਼ਿਲ੍ਹਾ ਸੰਗਰੂਰ ਤੇ ਅਵਤਾਰ ਸਿੰਘ ਵਾਸੀ ਭੈਂਸੀ ਮਾਜਰਾ ਕੁਰੂਕਸ਼ੇਤਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।