ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ :

ਪੀਆਰਟੀਸੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਡੀਪੂ ਦੀ ਮਹੀਨਾਵਾਰ ਮੀਟਿੰਗ ਕੋਰੋਨਾ ਦੀ ਵਜ੍ਹਾ ਕਾਰਨ ਸੀਮਤ ਮੈਂਬਰਾਂ ਨਾਲ ਕੀਤੀ ਗਈ। ਕੋਰੋਨਾ ਮਹਾਮਾਰੀ ਕਾਰਨ ਵਿਛੜ ਚੁੱਕੇ ਸਾਥੀਆਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਮੀਟਿੰਗ ਵਿਚ ਪੰਜਾਬ ਸਰਕਾਰ ਦੀ 6ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੀ ਟਾਲਮਟੋਲ ਅਤੇ ਡੰਗਟਪਾਊ ਨੀਤੀ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਮੰਗ ਕੀਤੀ ਗਈ ਕਿ 6ਵੇਂ ਪੇ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ। ਇਸ ਦੇ ਇਲਾਵਾ ਪੀਆਰਟੀਸੀ ਮੈਨੇਜ਼ਮੈਂਟ ਕੋਲੋਂ ਮੰਗ ਕੀਤੀ ਕਿ ਪੈਂਡਿੰਗ ਮੈਡੀਕਲ ਬਿੱਲਾਂ ਦਾ ਨਿਪਟਾਰਾ ਕੀਤਾ ਜਾਵੇ, ਈਪੀਐਫ਼ ਦੇ ਰਹਿ ਗਏ ਮੁਲਾਜ਼ਮਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਪੇ ਗਰੇਡ ਦੀਆਂ ਰਹਿ ਗਈਆਂ ਤਰੁੱਟੀਆਂ ਦਾ ਨਿਪਟਾਰਾ ਕੀਤਾ ਜਾਵੇ, ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ , ਪੁਰਾਣੀ ਪੈਨਸ਼ਨ ਸਕੀਮ ਚਾਲੂ ਕੀਤੀ ਜਾਵੇ । ਮੀਟਿੰਗ ਦੌਰਾਨ ਸਾਰੇ ਪੰਜਾਬ ਵਿਚ ਚੱਲ ਰਹੀ ਸਫ਼ਾਈ ਸੇਵਕਾਂ ਦੀ ਹੜਤਾਲ ਤੇ ਚੱਲ ਰਹੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਗਈ। ਮੀਟਿੰਗ ਵਿਚ ਪ੍ਰਰੀਤਮ ਸਿੰਘ ਬਰਾੜ, ਸੁਖਦੇਵ ਸਿੰਘ ਧੌਲਾ, ਅਸ਼ੋਕ ਕੁਮਾਰ, ਯੁਵਰਾਜ ਸ਼ਰਮਾ, ਰਾਜ ਸਿੰਘ, ਰੂੜ ਸਿੰਘ ਅਤੇ ਗੋਪਾਲ ਕ੍ਰਿਸ਼ਨ ਮੌਜੂਦ ਸਨ।