ਦੀਪਕ ਸ਼ਰਮਾ, ਬਠਿੰਡਾ : ਪੰਜਾਬ ਦੀਆਂ ਜੇਲਾਂ੍ਹ 'ਚੋਂ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਬੰਦ ਇਕ ਗੈਂਗਸਟਰ ਕੋਲੋਂ ਮੋਬਾਈਲ ਫੋਨ ਅਤੇ ਪੰਜ ਸਿਮ ਕਾਰਡ ਬਰਾਮਦ ਹੋਣ ਦੀ ਸੂਚਨਾ ਪ੍ਰਰਾਪਤ ਹੋਈ ਹੈ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਉਕਤ ਗੈਂਗਸਟਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੁਰੱਖਿਆ ਪੱਖੋਂ ਅਹਿਮ ਮੰਨੀ ਜਾਂਦੀ ਇਸ ਜੇਲ੍ਹ ਵਿਚ ਕਈ ਖਤਰਨਾਕ ਗੈਂਗਸਟਰ ਬੰਦ ਹਨ ਤੇ ਇਸ ਜੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਤੋਂ ਇਲਾਵਾ ਨੀਮ ਫ਼ੌਜੀ ਦਸਤੇ ਦੇ ਹਵਾਲੇ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਤੇ ਵੱਡੀ ਗਿਣਤੀ ਵਿਚ ਸਿੰਮ ਬਰਾਮਦ ਹੋਣਾ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ। ਭਾਵੇਂ ਜੇਲ੍ਹ ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਇਸ ਜੇਲ੍ਹ ਵਿਚ ਬਿਨਾਂ ਇਜਾਜ਼ਤ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਸੂਰਤੇ ਹਾਲ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਅਤੇ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋ ਚੁੱਕੀਆਂ ਹਨ। ਐੱਸਆਈ ਕਰਮਜੀਤ ਸਿੰਘ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ 24 ਜੂਨ ਨੂੰ ਜੇਲ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਗੈਂਗਸਟਰ ਰਾਜਬੀਰ ਸਿੰਘ ਵਾਸੀ ਪਿੰਡ ਨਾਥਪੁਰਾ ਜ਼ਿਲ੍ਹਾ ਗੁਰਦਾਸਪੁਰ ਕੋਲੋਂ ਇਕ ਮੋਬਾਇਲ ਫੋਨ ਅਤੇ ਪੰਜ ਸਿਮ ਕਾਰਡ ਬਰਾਮਦ ਕੀਤੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਮਿਲੇ ਪੱਤਰ ਦੇ ਆਧਾਰ 'ਤੇ ਕਥਿਤ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਉਕਤ ਗੈਂਗਸਟਰ ਨੂੰ ਪੋ੍ਡਕਸ਼ਨ ਵਰੰਟ 'ਤੇ ਲਿਆ ਕੇ ਪੜਤਾਲ ਕੀਤੀ ਜਾਵੇਗੀ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਜੇਲ ਅੰਦਰ ਮੋਬਾਇਲ ਫੋਨ ਅਤੇ ਸਿਮ ਕਿਸ ਤਰਾਂ੍ਹ ਪਹੁੰਚਾਏ ਗਏ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੇਂਦਰੀ ਜੇਲ੍ਹ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਜੇਲ੍ਹ ਵਿਚ ਬੰਦ ਗੈਂਗਸਟਰਾਂ ਦੀ ਨਿਗਰਾਨੀ ਲਈ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਸਪੈਸ਼ਲ ਕਮਾਂਡੋ ਤੈਨਾਤ ਕੀਤੇ ਗਏ ਸਨ ਅਤੇ ਜੇਲ੍ਹ ਨਾਲ ਲੱਗਦੇ ਖੇਤਰਾਂ ਵਿਚ ਸਪੈਸ਼ਲ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ ਕਿਉਂਕਿ ਪੁਲਿਸ ਦੇ ਖੁਫੀਆ ਤੰਤਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਗੈਂਗਸਟਰ ਇਸ ਜੇਲ੍ਹ ਨੂੰ ਤੋੜ ਕੇ ਆਪਣੇ ਸਾਥੀਆਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਜੇਲਾਂ੍ਹ ਵਿੱਚੋਂ ਮਿਲੇ ਰਹੇ ਮੋਬਾਈਲਾਂ ਦੇ ਮਾਮਲੇ ਵਿਚ ਪੁਲਿਸ ਕੇਸ ਦਰਜ ਤਾਂ ਕਰਦੀ ਹੈ ਪਰ ਇੰਨਾਂ੍ਹ ਮਾਮਿਲਆਂ ਨੂੰ ਦਬਾ ਦਿੱਤਾ ਜਾਂਦਾ ਹੈ। ਪੁਲਿਸ ਜੇਲਾਂ੍ਹ ਵਿੱਚੋਂ ਮੋਬਾਈਲ ਮਿਲਣ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਬਜਾਏ ਸਿਰਫ਼ ਕੇਸ ਦਰਜ ਕਰਨ ਤਕ ਹੀ ਸੀਮਤ ਰਹਿੰਦੀ ਹੈ। ਪੁਲਿਸ ਅਜੇ ਤਕ ਇਹ ਪਤਾ ਨਹੀਂ ਲਗਾ ਸਕੀ ਕਿ ਗੈਂਗਸਟਰਾਂ ਨੂੰ ਮੋਬਾਇਲ ਫੋਨ ਕੌਣ ਲੈਜਾ ਕੇ ਦੇ ਰਿਹਾ ਹੈ। ਜੇਲਾਂ੍ਹ ਵਿੱਚੋਂ ਮੋਬਾਈਲ ਮਿਲਣ 'ਤੇ ਕੇਸ ਦਰਜ ਕਰਨ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਵੀ ਜੇਲਾਂ੍ਹ ਵਿਚ ਹੀ ਬਣੀ ਅਤੇ ਗੈਂਗਸਟਰਾਂ ਨੇ ਮੋਬਾਇਲ ਦੇ ਜ਼ਰੀਏ ਹਥਿਆਰਾਂ ਤੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਪਰ ਪੁਲਿਸ ਮੋਬਾਈਲ ਮਿਲਣ ਦੇ ਮਾਮਲਿਆਂ ਨੂੰ ਹਲਕੇ ਵਿਚ ਲੈ ਰਹੀ ਹੈ।