ਸੁਖਜਿੰਦਰ ਰੋਮਾਣਾ, ਸੰਗਤ ਮੰਡੀ : ਬੀਤੇ ਦਿਨੀਂ ਬਠਿੰਡਾ ਡੱਬਵਾਲੀ ਸੜਕ 'ਤੇ ਸਥਿਤ ਪਿੰਡ ਗਹਿਰੀ ਬੁੱਟਰ ਵਿਖੇ ਕੋਰੋਨਾ ਵੈਕਸੀਨ ਲਾਉਣ ਦੀ ਆੜ ਹੇਠ ਆਏ ਤਿੰਨ ਨੌਜਵਾਨਾਂ ਵੱਲੋਂ ਬਜ਼ੁਰਗ ਜੋੜੇ ਨੂੰ ਬੰਦੀ ਬਣਾ ਕੇ ਘਰ 'ਚ ਪਈ ਲੱਖਾਂ ਰੁਪਏ ਦੀ ਰਾਸ਼ੀ ਤੇ ਸੋਨਾ ਲੁੱਟ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੰਗਤ ਦੇ ਮੁਖੀ ਗੌਰਵਬੰਸ਼ ਸਿੰਘ ਨੇ ਦੱਸਿਆ ਕਿ ਗੁਰਦੇਵ ਸਿੰਘ (66 ਸਾਲ) ਪੁੱਤਰ ਇੰਦਰ ਸਿੰਘ ਵਾਸੀ ਗਹਿਰੀ ਬੁੱਟਰ ਜੋ ਕਿ ਆਪਣੀ ਪਤਨੀ ਸਮੇਤ ਪਿੰਡ ਵਿਚਲੇ ਘਰ 'ਚ ਰਹਿੰਦਾ ਹੈ, ਦੇ ਘਰ ਬੀਤੀ ਸ਼ਾਮ ਚਾਰ ਵਜੇ ਦੇ ਕਰੀਬ ਤਿੰਨ ਨੌਜਵਾਨ ਆਏ ਤੇ ਆਪਣੇ ਆਪ ਨੂੰ ਕੋਰੋਨਾ ਵੈਕਸੀਨ ਲਗਾਉਣ ਆਏ ਸਿਹਤ ਵਿਭਾਗ ਦੇ ਮੁਲਾਜ਼ਮ ਦੱਸਦਿਆਂ ਬਜ਼ੁਰਗ ਜੋੜੀ ਨੂੰ ਝਾਂਸੇ 'ਚ ਲੈ ਲਿਆ ਤੇ ਬਾਅਦ 'ਚ ਉਨ੍ਹਾਂ ਬਜ਼ੁਰਗ ਨੂੰ ਬੰਦੀ ਬਣਾ ਕੇ ਪਿਸਤੌਲ ਦੀ ਨੋਕ 'ਤੇ ਘਰ 'ਚ ਪਏ ਹੋਏ ਤਿੰਨ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਤੇ ਦੋ ਤੋਲੇ ਦੇ ਕਰੀਬ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਅਣਪਛਾਤੇ ਤਿੰਨ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿੰਡ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਵੀ ਦੇਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨਾਂ ਨੌਜਵਾਨਾਂ ਵਿਚੋਂ ਦੋ ਹਿੰਦੂ ਸਨ ਤੇ ਇੱਕ ਨੇ ਪੱਗ ਬੰਨ੍ਹੀ ਹੋਈ ਸੀ ਤੇ ਉਨ੍ਹਾਂ ਕੋਲ ਕਾਲੇ ਰੰਗ ਦਾ ਅਪਾਚੇ ਮੋਟਰਸਾਈਕਲ ਸੀ।

'ਜਾਗਰਣ' ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੀੜਤ ਬਜ਼ੁਰਗ ਨੇ ਦੱਸਿਆ ਕਿ ਤਿੰਨੇ ਨੌਜਵਾਨ ਸ਼ਕਲ ਤੋਂ ਬੇਹਦ ਸ਼ਰੀਫ ਲੱਗ ਰਹੇ ਸਨ ਤੇ ਉਨ੍ਹਾਂ ਨੇ ਸਾਡੇ ਘਰੋਂ ਚਾਹ ਪਾਣੀ ਵੀ ਪੀਤਾ ਅਤੇ ਤਕਰੀਬਨ ਅੱਧਾ ਘੰਟਾ ਗੱਲਬਾਤ ਦੌਰਾਨ ਉਨ੍ਹਾਂ ਨੇ ਘਰ ਦਾ ਭੇਤ ਲੈ ਲਿਆ। ਬਾਅਦ ਵਿਚ ਪਰਨੇ ਨਾਲ ਮੇਰੇ ਹੱਥ ਪੈਰ ਬੰਨ੍ਹ ਕੇ ਪਿਸਤੌਲ ਦੀ ਨੋਕ 'ਤੇ ਅੰਦਰ ਪੇਟੀ ਵਿੱਚ ਪਈ ਤਿੰਨ ਲੱਖ ਵੀਹ ਹਜ਼ਾਰ ਰੁਪਏ ਦੀ ਨਕਦੀ ਤੇ ਇਕ ਸੋਨੇ ਦਾ ਕੜਾ ਤੇ ਮਾਤਾ ਦੀਆਂ ਵਾਲੀਆ ਜਿਨ੍ਹਾਂ ਦਾ ਵਜ਼ਨ ਲਗਪਗ ਦੋ ਤੋਲੇ ਬਣਦਾ ਹੈ ਵੀ ਨਾਲ ਲੈ ਕੇ ਫ਼ਰਾਰ ਹੋ ਗਏ। ਬਜ਼ੁਰਗ ਅਨੁਸਾਰ ਨੌਜਵਾਨਾਂ ਨੇ ਆਪਣੇ ਆਪ ਨੂੰ ਸਿਹਤ ਵਿਭਾਗ ਦੇ ਮੁਲਾਜ਼ਮ ਦੱਸਦਿਆਂ ਕਿਹਾ ਸੀ ਕਿ ਉਹ ਪਿੰਡ ਵਿਚ ਕੋਰੋਨਾ ਵੈਕਸੀਨ ਲਗਾਉਣ ਲਈ ਆਏ ਹੋਏ ਹਨ। ਇਸੇ ਕਰਕੇ ਉਨ੍ਹਾਂ ਨੂੰ ਨੌਜਵਾਨਾਂ ਤੇ ਭਰੋਸਾ ਹੋ ਗਿਆ। ਬਜ਼ੁਰਗ ਜੋੜੇ ਦੀਆਂ ਤਿੰਨ ਕੁੜੀਆਂ ਹਨ ਜੋ ਕਿ ਵਿਆਹੀਆਂ ਹੋਈਆਂ ਹਨ।

ਕਿਸਾਨ ਆਗੂ ਬਿੰਦਰ ਸਿੰਘ, ਪ੍ਰਦੀਪ ਸਿੰਘ ਜੱਗਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਦਾ ਜਲਦ ਪਤਾ ਲਗਾ ਕੇ ਪੀੜਤ ਬਜ਼ੁਰਗਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਨ੍ਹਾਂ ਪਿੰਡ ਦੀ ਪੰਚਾਇਤ ਤੋਂ ਵੀ ਮੰਗ ਕੀਤੀ ਪਿੰਡ 'ਚ ਸੀਸੀਟੀਵੀ ਕੈਮਰੇ ਜ਼ਰੂਰ ਲਗਾਏ ਜਾਣ।

Posted By: Amita Verma