ਨਿਤਿਨ ਸਿੰਗਲਾ, ਬਠਿੰਡਾ : ਜਿਹੜੇ ਲੋਕ ਆਪਣੀਆਂ ਸਰੀਰਕ ਕਮੀਆਂ ਲਈ ਹਮੇਸ਼ਾ ਈਸ਼ਵਰ ਨੂੰ ਸ਼ਿਕਾਇਤ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਇਕ ਵਾਰ ਗਿਆਨਚੰਦ ਦੇ ਜੀਵਨ ਵੱਲ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ। 55 ਸਾਲਾ ਗਿਆਨ ਚੰਦ ਦ੍ਰਿਸ਼ਟੀਹੀਣ ਹੈ ਪਰ ਉਸ ਨੂੰ ਭਗਵਾਨ ਨਾਲ ਕੋਈ ਗ਼ਿਲਾ ਨਹੀਂ। ਉਹ ਕਹਿੰਦਾ ਹੈ, 'ਦੁਨੀਆ 'ਚ ਸੈਂਕੜੇ ਅਜਿਹੇ ਲੋਕ ਹਨ ਜਿਨ੍ਹਾਂ ਦੇ ਹੱਥ-ਪੈਰ ਨਹੀਂ ਹਨ। ਮੈਂ ਉਨ੍ਹਾਂ ਦੇ ਮੁਕਾਬਲੇ ਖੁਸ਼ਕਿਮਸਤ ਹਾਂ। ਮੇਰੇ ਹੱਥ ਸਲਾਮਤ ਹਨ। ਇਨ੍ਹਾਂ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹਾਂ।'

ਬਠਿੰਡਾ ਦੀ ਅਮਰਪੁਰਾ ਬਸਤੀ ਦੀ ਗਲ਼ੀ ਨੰਬਰ ਦੋ 'ਚ ਰਹਿਣ ਵਾਲਾ ਗਿਆਨ ਚੰਦ ਹੋਮਗਾਰਡ ਰਿਹਾ ਹੈ। ਹੁਣ ਉਹ ਸੁਰਖਪੀਰ ਰੋਡ 'ਤੇ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ। ਕੋਰੋਨਾ ਦੇ ਦੌਰ 'ਚ ਉਹ ਮੈਡੀਕਲ ਸਟਾਫ ਤੇ ਪੁਲਿਸ ਮੁਲਾਜ਼ਮਾਂ ਦੇ ਕੱਪੜੇ ਪ੍ਰੈੱਸ ਕਰਨ ਦੇ ਪੈਸੇ ਨਹੀਂ ਲੈਂਦਾ। ਕਹਿੰਦਾ ਹੈ, ਕੋਰੋਨਾ ਖਿਲਾਫ਼ ਲੜਾਈ 'ਚ ਡਟੇ ਯੋਧਿਆਂ ਦੀ ਕਿਸੇ ਵੀ ਰੂਪ ਵਿਚ ਮਦਦ ਕਰ ਸਕਾਂ ਤਾਂ ਆਪਣੇ-ਆਪ ਨੂੰ ਕਿਸਮਤਵਾਲਾ ਸਮਝਾਂਗਾ।'

ਪੂਰੀ ਤਰ੍ਹਾਂ ਦ੍ਰਿਸ਼ਟੀਹੀਣ ਹੋਣ ਦੇ ਬਾਵਜੂਦ ਉਹ ਏਨੀ ਸਫ਼ਾਈ ਨਾਲ ਕੱਪੜੇ ਪ੍ਰੈੱਸ ਕਰਦਾ ਹੈ ਕਿ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਹੈ। ਉਹ ਮੁਸ਼ਕਲ ਤੋਂ ਮੁਸ਼ਕਲ ਕੱਪੜਿਆਂ ਨੂੰ ਵੀ ਆਸਾਨੀ ਨਾਲ ਪ੍ਰੈੱਸ ਕਰ ਲੈਂਦਾ ਹੈ। ਉਹ ਕਹਿੰਦਾ ਹੈ ਕਿ ਕੋਈ ਵੀ ਕੰਮ ਕਰਨ ਦੀ ਚਾਹ ਹੋਵੇ ਤਾਂ ਅੱਖਾਂ ਦੀ ਰੋਸ਼ਨੀ ਹੋਣਾ ਜਾਂ ਨਾ ਹੋਣਾ ਕੋਈ ਮਾਅਨੇ ਨਹੀਂ ਰੱਖਦਾ।

1994 'ਚ ਛੱਡੀ ਨੌਕਰੀ, 2012 'ਚ ਚਲੀ ਗਈ ਅੱਖਾਂ ਦੀ ਰੋਸ਼ਨੀ

ਗਿਆਨ ਚੰਦ ਦੇ ਪਰਿਵਾਰ ਦਾ ਪਾਲਣ ਪੋਸ਼ਣ ਇਸੇ ਕੰਮ ਨਾਲ ਹੁੰਦਾ ਹੈ। ਪਤਨੀ ਗੀਤਾ ਰਾਣੀ ਘਰੇਲੂ ਔਰਤ ਹੈ। ਉਹ ਵੀ ਕੰਮ ਵਿਚ ਮਦਦ ਕਰਦੀ ਹੈ। 1994 'ਚ ਗਿਆਨ ਚੰਦ ਨੇ ਹੋਮ ਗਾਰਡ ਦੀ ਨੌਕਰੀ ਛੱਡ ਦਿੱਤੀ ਸੀ। ਸਰਕਾਰ ਵੱਲੋਂ ਸਿਰਫ਼ 750 ਰੁਪਏ ਪੈਨਸ਼ਨ ਮਿਲਦੀ ਹੈ। ਕੋਰੋਨਾ ਕਾਲ ਤੋਂ ਪਹਿਲਾਂ ਕੱਪੜੇ ਪ੍ਰੈੱਸ ਕਰ ਕੇ ਦਿਨ ਵੇਲੇ ਕਰੀਬ 250 ਰੁਪਏ ਕਮਾ ਲੈਂਦਾ ਸੀ, ਪਰ ਹੁਣ ਮੁਸ਼ਕਲ ਨਾਲ 100 ਤੋਂ 150 ਰੁਪਏ ਹੀ ਕਮਾਈ ਹੁੰਦੀ ਹੈ। ਧੀ ਦਾ ਵਿਆਹ ਹੋ ਚੁੱਕਾ ਹੈ ਤੇ ਬੇਟਾ ਬੀਟੈੱਕ ਕਰ ਚੁੱਕਾ ਹੈ। ਨੌਕਰੀ ਦੀ ਭਾਲ ਕਰ ਰਿਹਾ ਹੈ।

1996 'ਚ ਬਿਮਾਰੀ ਕਾਰਨ ਉਸ ਦੀਆਂ ਅੱਖਾਂ ਦੀ ਅੱਧੀ ਤੋਂ ਜ਼ਿਆਦਾ ਰੋਸ਼ਨੀ ਚਲੀ ਗਈ ਸੀ। 2005 ਤੋਂ ਉਸ ਨੇ ਪ੍ਰੈੱਸ ਕਰਨ ਦਾ ਕੰਮ ਸ਼ੁਰੂ ਕੀਤਾ। 2012 ਤਕ ਉਹ ਪੂਰੀ ਤਰ੍ਹਾਂ ਦ੍ਰਿਸ਼ਟੀਹੀਣ ਹੋ ਗਿਆ। ਉਹ ਹਰ ਤਰ੍ਹਾਂ ਦੇ ਸੂਟ, ਪੁਲਿਸ ਦੀ ਵਰਦੀ, ਕੋਟ-ਪੈਂਟ ਤੇ ਸਾੜ੍ਹੀ ਆਦਿ ਪ੍ਰੈੱਸ ਕਰ ਲੈਂਦਾ ਹੈ।

ਕੋਰੋਨਾ ਪੀੜਤਾਂ ਦੀ ਮਦਦ ਲਈ ਤਿਆਰ-ਬਰ-ਤਿਆਰ

ਗਿਆਨ ਚੰਦ ਕਹਿੰਦਾ ਹੈ ਕਿ ਕੋਰੋਨਾ ਕਾਲ 'ਚ ਪੁਲਿਸ ਮੁਲਾਜ਼ਮਾਂ ਤੇ ਸਿਹਤ ਮੁਲਾਜ਼ਮ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਮੇਰੇ ਮਨ ਵਿਚ ਵੀ ਕੋਰੋਨਾ ਪੀੜਤਾਂ ਦੀ ਮਦਦ ਦੀ ਭਾਵਨਾ ਪੈਦਾ ਹੋਈ। ਜਨਤਾ ਕਰਫ਼ਿਊ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਹਰ ਗਲ਼ੀ-ਮੁਹੱਲੇ ਤਕ ਲੋੜਵੰਦਾਂ ਨੂੰ ਰਾਸ਼ਨ ਤੇ ਖਾਣਾ ਮੁਹੱਈਆ ਕਰਵਾਇਆ। ਮੈਂ ਵੀ ਮਦਦ ਕਰਨੀ ਚਾਹੁੰਦਾ ਸੀ, ਪਰ ਇਹ ਸੰਭਵ ਨਹੀਂ ਸੀ, ਇਸ ਲਈ 26 ਮਾਰਚ ਤੋਂ ਕਨਾਲ ਥਾਣਾ, ਮੁਲਤਾਨੀਆ ਰੋਡ, ਹੰਸ ਨਗਰ ਤੇ ਬਚਨ ਕਾਲੋਨੀ 'ਚ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਸਿਹਤ ਮੁਲਾਜ਼ਮਾਂ ਦੇ ਕੱਪੜੇ ਤੇ ਵਰਦੀਆਂ ਮੁਫ਼ਤ ਪ੍ਰੈੱਸ ਕਰਨੀਆਂ ਸ਼ੁਰੂ ਕਰ ਦਿੱਤੀਆਂ।

Posted By: Seema Anand