ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਨਾਪਤੋਲ ਵਿਭਾਗ ਪੰਜਾਬ ਦੁਆਰਾ ਰਾਜ ਦੇ ਕੈਮਿਸਟਾਂ 'ਤੇ ਇਕ ਹੋਰ ਨਵਾਂ ਲਾਇਸੈਂਸ ਥੋਪੇ ਜਾਣ ਦੇ ਵਿਰੋਧ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਬਠਿੰਡਾ ਦੇ 11 ਯੂਨਿਟਾਂ ਦੇ ਕਰੀਬ 1800 ਕੈਮਿਸਟਾਂ ਨੇ ਥਰਮਾਮੀਟਰ, ਬੀਪੀ ਆਪਰੇਟਸ ਅਤੇ ਭਾਰ ਤੋਲ ਮਸ਼ੀਨਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਇਸ ਕਾਰਨ ਮਰੀਜਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਦੀ ਬਠਿੰਡਾ ਡਿਸਟਿ੍ਕਟ ਕੈਮਿਸਟ ਐਸੋਸੀਏਸ਼ਨ(ਟੀਬੀਡੀਸੀਏ) ਦੇ ਪ੍ਰਧਾਨ ਤੇ ਏਆਈਓਸੀਡੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਦਾ ਕਹਿਣਾ ਹੈ ਕਿ ਇਸ ਸਬੰਧੀ ਪੀਸੀਏ ਦੀ ਇਕ ਬੈਠਕ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ 'ਚ ਹੋਈ, ਜਿਸ ਵਿਚ ਸਾਰੇ ਜ਼ਿਲਿ੍ਹਆਂ ਦੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਕੈਮਿਸਟਾਂ 'ਤੇ ਜੋ ਨਵਾਂ ਕਨੂੰਨ ਥੋਪਿਆ ਜਾ ਰਿਹਾ ਹੈ, ਉਹ ਕਿਸੇ ਵੀ ਕੀਮਤ ਵਿਚ ਉਕਤ ਲਾਇਸੈਂਸ ਨਹੀਂ ਲੈਣਗੇ। ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਆਰਸੀਏ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ ਨੇ ਕਿਹਾ ਕਿ ਪੀਸੀਏ ਦੁਆਰਾ ਮੁੱਖ ਮੰਤਰੀ ਪੰਜਾਬ ਨੂੰ ਇਕ ਪੱਤਰ ਵੀ ਲਿਖਿਆ ਗਿਆ ਸੀ ਕਿ ਕੈਮਿਸਟ ਪਹਿਲਾਂ ਹੀ ਡਰਗ ਐਂਡ ਕਾਸਮੇਟਿਕਸ ਅਧੀਨ ਦਵਾਈਆਂ ਦੀ ਖਰੀਦ-ਫਰੋਖ਼ਤ ਕਰਦੇ ਹਨ। ਕੈਮਿਸਟਾਂ ਨੇ ਡਰੱਗ ਵਿਭਾਗ ਤੋਂ ਲਾਇਸੈਂਸ ਲਿਆ ਹੋਇਆ ਹੈ, ਇਸ ਲਈ ਕੈਮਿਸਟ ਕਿਸੇ ਵੀ ਹਾਲਤ ਵਿੱਚ ਨਵੇਂ ਲਾਇਸੈਂਸ ਨਹੀਂ ਲੈਣਗੇ। ਸਾਰੇ ਕੈਮਿਸਟਾਂ ਨੇ ਉਪਰੋਕਤ ਯੰਤਰਾਂ ਦੀ ਵਿਕਰੀ ਨੂੰ ਬੰਦ ਕਰਨ ਸਬੰਧੀ ਆਪਣੀਆਂ-ਆਪਣੀਆਂ ਦੁਕਾਨਾਂ 'ਤੇ ਪੋਸਟਰ ਵੀ ਲਗਾ ਦਿੱਤੇ ਹਨ। ਬਾਲਿਆਂਵਾਲੀ ਨੇ ਅੱਗੇ ਕਿਹਾ ਕਿ ਜੇਕਰ ਰਾਜ ਸਰਕਾਰ ਨੇ ਕੈਮਿਸਟਾਂ ਨੂੰ ਇਸ ਨਵੇਂ ਵਿਭਾਗ ਤੋਂ ਬਾਹਰ ਕਰਨ ਦਾ ਫੈਸਲਾ ਨਹੀਂ ਲਿਆ ਤਾਂ ਰਾਜ ਦੇ ਕੈਮਿਸਟ 1 ਜੂਨ ਤੋਂ ਆਪਣੀਆਂ-ਆਪਣੀਆਂ ਦੁਕਾਨਾਂ ਬੰਦ ਕਰ ਦੇਣਗੇ। ਟੀਬੀਡੀਸੀਏ ਬਠਿੰਡਾ ਦੇ ਪ੍ਰਧਾਨ ਤੇ ਏਆਈਓਸੀਡੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਸਾਰੇ ਕੈਮਿਸਟਾਂ ਨੇ ਉਪਰੋਕਤ ਸਾਰੇ ਯੰਤਰਾਂ ਦੀ ਵਿਕਰੀ ਬੰਦ ਕਰਣ ਦਾ ਫੈਸਲਾ ਲਿਆ ਹੈ। ਇਸ ਸਬੰਧੀ ਦੁਕਾਨਾਂ 'ਤੇ ਪੋਸਟਰ ਲਗਾਏ ਜਾ ਰਹੇ ਹਨ। ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਕਿਹਾ ਕਿ ਰਾਜ ਸਰਕਾਰ ਦੁਆਰਾ ਪਹਿਲਾਂ ਡਰੱਗ ਲਾਇਸੈਂਸ, ਉਸ ਤੋਂ ਬਾਅਦ ਫੂਡ ਲਾਇਸੈਂਸ ਲੈਣਾ ਜਰੂਰੀ ਕੀਤਾ ਗਿਆ ਅਤੇ ਹੁਣ ਬੀਪੀ, ਥਰਮਾਮੀਟਰ ਅਤੇ ਭਾਰ ਤੋਲ ਮਸ਼ੀਨਾਂ ਵੇਚਣ ਲਈ ਨਾਪਤੋਲ ਵਿਭਾਗ ਤੋਂ ਲਾਇਸੈਂਸ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨਾਂ੍ਹ ਨੇ ਕਿਹਾ ਕਿ ਉਕਤ ਸਾਮਾਨ ਪੈਕ ਹੋਣ ਤੋਂ ਬਾਅਦ ਹੀ ਆਉਂਦਾ ਹੈ ਅਤੇ ਉਸੀ ਹਾਲਤ ਵਿਚ ਗ੍ਰਾਹਕਾਂ ਨੂੰ ਵੇਚ ਦਿੱਤਾ ਜਾਂਦਾ ਹੈ, ਅਜਿਹੇ ਵਿਚ ਨਾਪਤੋਲ ਵਿਭਾਗ ਤੋਂ ਲਾਇਸੈਂਸ ਲੈਣ ਦੀ ਲੋੜ ਕਿਉਂ ਹੈ।