ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹੇ ਦੀ ਮੌੜ ਮੰਡੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਦੀ ਜਾਂਚ ਲਈ ਅਦਾਲਤ ਦੇ ਆਦੇਸ਼ਾਂ ਬਾਅਦ ਬਣੀ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸੀਨੀਅਰ ਮੈਂਬਰ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਅੱਜ ਮੌੜ ਮੰਡੀ ਦਾ ਦੌਰਾ ਕੀਤਾ।

ਉਨ੍ਹਾਂ ਜਿੱਥੇ ਬੰਬ ਧਮਾਕੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ, ਉਥੇ ਹੀ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਕੇ ਘਟਨਾ ਸਬੰਧੀ ਵੇਰਵੇ ਇਕੱਤਰ ਕੀਤੇ। ਉਨ੍ਹਾਂ ਮੌੜ ਬੰਬ ਕਾਂਡ ਇਨਸਾਫ਼ ਕਮੇਟੀ ਦੇ ਆਗੂਆਂ ਤੋਂ ਇਲਾਵਾ ਘਟਨਾ ਦੇ ਚਸ਼ਮਦੀਦ ਗਵਾਹਾਂ ਨਾਲ ਵੀ ਗੱਲਬਾਤ ਕੀਤੀ।

ਐੱਸਐੱਸਪੀ ਸਭ ਤੋਂ ਪਹਿਲਾਂ ਥਾਣਾ ਮੌੜ ਮੰਡੀ ਪੁੱਜੇ ਤੇ ਉਥੋਂ ਥਾਣਾ ਮੁਖੀ ਸਮੇਤ ਉਸ ਜਗ੍ਹਾ ਪੁੱਜੇ ਜਿੱਥੇ ਕੂਕਰ ਬੰਬ ਨਾਲ ਧਮਾਕਾ ਕੀਤਾ ਗਿਆ ਸੀ। ਪੀੜਤ ਪਰਿਵਾਰਾਂ ਨੇ ਐੱਸਐੱਸਪੀ ਕੋਲ ਇਹ ਰੋਸ ਜ਼ਾਹਿਰ ਕੀਤਾ ਕਿ ਬੰਬ ਧਮਾਕੇ 'ਚ ਨਾਮਜ਼ਦ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਵੀ ਪੁਲਿਸ ਅਜੇ ਤਕ ਗਿ੍ਫ਼ਤਾਰ ਨਹੀਂ ਕਰ ਸਕੀ।

ਪੀੜਤਾਂ ਦਾ ਕਹਿਣਾ ਸੀ ਕਿ ਪੁਲਿਸ ਚਾਹੇ ਤਾਂ ਵੱਡੇ-ਵੱਡੇ ਅਪਰਾਧੀਆਂ ਨੂੰ ਮਿਨਟਾਂ 'ਚ ਗਿ੍ਫ਼ਤਾਰ ਕਰ ਲੈਂਦੀ ਹੈ ਪਰ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਤਿੰਨ ਡੇਰਾ ਪ੍ਰੇਮੀਆਂ ਨੂੰ ਕਿਉਂ ਗਿ੍ਫ਼ਤਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜਾਂਚ ਟੀਮ ਦੇ ਸੀਨੀਅਰ ਮੈਂਬਰ ਐੱਸਐੱਸਪੀ ਤੋਂ ਮੰਗ ਕੀਤੀ ਕਿ ਨਾਮਜ਼ਦ ਕੀਤੇ ਗਏ ਤਿੰਨ੍ਹਾਂ ਡੇਰਾ ਪ੍ਰੇਮੀਆਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਡੇਰਾ ਪ੍ਰੇਮੀਆਂ ਦੀ ਗਿ੍ਫ਼ਤਾਰੀ ਬਾਅਦ ਬੰਬ ਧਮਾਕੇ ਦੀ ਘਟਨਾ ਤੋਂ ਪਰਦਾ ਉੱਠ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ 18 ਅਕਤੂਬਰ ਨੂੰ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਸੀ ਪਹਿਲਾਂ ਜਾਂਚ ਕਰ ਰਹੀ ਐੱਸਆਈਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਇਸ ਆਦੇਸ਼ ਦੇ ਇਕ ਮਹੀਨੇ ਬਾਅਦ ਪੰਜਾਬ ਸਰਕਾਰ ਨੇ ਏਡੀਜੀਪੀ ਕਾਨੂੰਨ ਵਿਵਸਥਾ ਈਸ਼ਵਰ ਸਿੰਘ ਦੀ ਅਗਵਾਈ ਹੇਠ ਐੱਸਆਈਟੀ ਬਣਾ ਦਿੱਤੀ ਗਈ ਸੀ, ਜਿਸ 'ਚ ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।

ਫ਼ਰਵਰੀ 2017 'ਚ ਨਾਮਜ਼ਦ ਕੀਤੇ ਸਨ ਤਿੰਨ ਡੇਰਾ ਪ੍ਰੇਮੀ

ਤਲਵੰਡੀ ਸਾਬੋ ਦੀ ਅਦਾਲਤ 'ਚ ਫ਼ਰਵਰੀ 2017 'ਚ ਗਵਾਹ ਦੇ ਤੌਰ 'ਤੇ ਪੇਸ਼ ਕੀਤੇ ਗਏ ਕ੍ਰਿਸ਼ਨ ਕੁਮਾਰ ਵਾਸੀ ਬਜੌਤਾ ਹਰਿਆਣਾ, ਸੁਨੀਲ ਕੁਮਾਰ ਵਾਸੀ ਨਾਦਰ, ਹਰਪ੍ਰੀਤ ਸਿੰਘ ਹੈਪੀ ਵਾਸੀ ਘੁੱਕਿਅਵਾਲੀ ਹਰਿਆਣਾ ਤੇ ਹਰਮੇਲ ਸਿੰਘ ਵਾਸੀ ਵਿਜੇ ਨਗਰ ਰਾਜਸਥਾਨ ਨੇ ਉਕਤ ਕਾਂਡ ਸਬੰਧੀ ਖੁਲਾਸਾ ਕੀਤਾ ਸੀ। ਪੁਲਿਸ ਨੇ ਇਸ ਤੋਂ ਬਾਅਦ ਮਾਮਲੇ 'ਚ ਗੁਰਤੇਜ ਸਿੰਘ ਉਰਫ ਕਾਲਾ ਵਾਸੀ ਅਲੀਕਾ ਹਰਿਆਣਾ, ਅਵਤਾਰ ਸਿੰਘ ਵਾਸੀ ਮੈਸੀਮਾਜਰਾ (ਕੁਰਕੇਸ਼ਤਰ) ਤੇ ਅਵਤਾਰ ਸਿੰਘ ਵਾਸੀ ਭੀਖੀ ਮਾਨਸਾ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਅਦਾਲਤ ਉਕਤ ਵਿਅਕਤੀਆਂ ਨੂੰ ਭਗੌੜਾ ਕਰਾਰ ਦੇ ਚੁੱਕੀ ਹੈ ਪਰ ਐਸਆਈਟੀ ਉਕਤ ਵਿਅਕਤੀਆਂ ਨੂੰ ਅਜੇ ਤਕ ਗਿ੍ਫ਼ਤਾਰ ਨਹੀਂ ਕਰ ਸਕੀ।

ਪੰਜ ਮਾਸੂਮਾਂ ਸਮੇਤ ਸੱਤ ਦੀ ਗਈ ਸੀ ਜਾਨ

ਵਿਧਾਨ ਸਭਾ ਚੋਣਾ ਤੋਂ ਚਾਰ ਦਿਨ ਪਹਿਲਾਂ ਹੋਏ ਬੰਬ ਧਮਾਕੇ ਵਿਚ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੇ ਜੱਦੀ ਪਿੰਡ ਜੱਸੀ ਬਾਗ ਵਾਲੀ ਦੇ ਰਹਿਣ ਵਾਲੇ ਤੇ ਦਫਤਰ ਇੰਚਾਰਜ਼ ਹਰਪਾਲ ਸਿੰਘ ਪਾਲੀ, ਭਿਖਾਰੀ ਅਸ਼ੋਕ ਕੁਮਾਰ ਤੇ ਉਸਦੀ ਪੁੱਤਰੀ ਵਰਖਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਦੋਂਕਿ ਦੂਜੇ ਹੀ ਦਿਨ ਸਵੇਰੇ ਜਪਸਿਮਰਨ ਸਿੰਘ (14) ਪੁੱਤਰ ਖ਼ੁਸ਼ਦੀਪ ਸਿੰਘ, ਰਿਪਨਦੀਪ ਸਿੰਘ (8 ) ਪੁੱਤਰ ਕਾਕਾ ਸਿੰਘ ਅਤੇ ਸੌਰਵ ਸਿੰਗਲਾ (12) ਪੁੱਤਰ ਰਾਕੇਸ਼ ਕੁਮਾਰ ਵਾਸੀ ਮੌੜ ਮੰਡੀ ਦੀ ਮੌਤ ਹੋ ਗਈ ਸੀ। ਇਕ ਹੋਰ ਮਾਸੂਮ ਬੱਚਾ ਅੰਕੁਸ਼ ਵੀ ਡੀਐੱਮਸੀ ਹਸਪਤਾਲ ਵਿਚ ਜਿੰਦਗੀ ਮੌਤ ਦੀ ਲੜਾਈ ਲੜਦਾ ਚੱਲ ਵਸਿਆ ਸੀ।

ਤਿੰਨ ਮਹੀਨਿਆਂ 'ਚ ਦੇਣੀ ਹੋਵੇਗੀ ਰਿਪੋਰਟ

ਨਵੀ ਬਣੀ ਐੱਸਆਈਟੀ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਤਿੰਨ ਮਹੀਨਿਆਂ 'ਚ ਕਰਕੇ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਹਨ, ਜਿਸ ਕਾਰਨ ਨਵੀਂ ਐੱਸਆਈਟੀ ਹਰਕਤ 'ਚ ਆ ਗਈ ਹੈ। ਮੌੜ ਬੰਬ ਧਮਾਕੇ ਦੀ ਜਾਂਚ ਲਈ ਮੁੜ ਨਵੀਂ ਜਾਂਚ ਟੀਮ ਦਾ ਗਠਨ ਹਾਈ ਕੋਰਟ ਵਿਚ ਪਾਈ ਗਈ ਇਕ ਰਿਟ ਪਟੀਸ਼ਨ ਬਾਅਦ ਕੀਤਾ ਗਿਆ ਹੈ। ਹੁਣ ਐੱਸਆਈਟੀ ਨੇ ਬੰਬ ਕਾਂਡ ਦੀ ਜਾਂਚ ਨੂੰ ਤੇਜ ਕਰ ਦਿੱਤਾ ਹੈ। ਐੱਸਐੱਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਹ ਅੱਜ ਮੌੜ ਬੰਬ ਧਮਾਕੇ ਵਾਲੀ ਜਗ੍ਹਾ 'ਤੇ ਗਏ ਸਨ ਤੇ ਪੀੜਤਾਂ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਚ ਤੇਜੀ ਲਿਆਂਦੀ ਗਈ ਹੈ ਤੇ ਜਲਦੀ ਹੀ ਖ਼ੁਲਾਸਾ ਕੀਤਾ ਜਾਵੇਗਾ।