ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸਰਕਾਰੀ ਸਪੋਰਟਸ ਸਕੂਲ ਮੁਲਾਜਮ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਸਕੂਲ ਦੀਆਂ ਮੰਗਾਂ ਸਬੰਧੀ ਬਠਿੰਡਾ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਡਾ. ਬੀਆਰਓ ਅੰਬੇਦਕਰ ਚੌਕ ਤੋਂ ਸ਼ੁਰੂ ਹੋ ਕੇ ਫੌਜੀ ਚੌਕ ਤੱਕ ਕੀਤਾ ਗਿਆ। ਫੌਜੀ ਚੌਕ ਪਹੁੰਚ ਕੇ ਮਨੁੱਖੀ ਕੜੀ ਬਣਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਪੋਰਟਸ ਸਕੂਲ ਮੁਲਾਜਮ ਯੂਨੀਅਨ ਦੇ ਆਗੂ ਗਗਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਕਾਰਨ ਪੰਜਾਬ ਦਾ ਇਕੋ ਇਕ ਵਿਸ਼ੇਸ ਸਹੂਲਤਾਂ ਨਾਲ ਲੈਸ ਸਰਕਾਰੀ ਸਪੋਰਟਸ ਸਕੂਲ ਬੰਦ ਹੋਣ ਕਿਨਾਰੇ ਹੈ। ਸਪੋਰਟਸ ਸਕੂਲ ਦੀਆਂ ਮੰਗਾਂ ਸਬੰਧੀ 07 ਮਾਰਚ ਨੂੰ ਖਜ਼ਾਨਾ ਮੰਤਰੀ ਮਨਪ੍ਰਰੀਤ ਬਾਦਲ ਦੇ ਬਠਿੰਡਾ ਦਫਤਰ ਅੱਗੇ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਚੱਲ ਰਿਹਾ ਹੈ, ਇਸ ਸੈਸ਼ਨ ਦੌਰਾਨ ਸਕੂਲ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਹੱਲ ਕੀਤਾ ਜਾਵੇ। ਸਪੋਰਟਸ ਸਕੂਲ ਘੁੱਦਾ ਦੇ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਲੋੜੀਂਦੀ ਗਰਾਂਟ ਫੌਰੀ ਜਾਰੀ ਕੀਤੀ ਜਾਵੇ ਤੇ ਇਸ ਸਕੂਲ ਨੂੰ ਚਲਾਉਣ ਦੇ ਖਰਚ ਦੀ ਕੁੱਲ ਜਿੰਮੇਵਾਰੀ ਪੰਜਾਬ ਸਰਕਾਰ ਚੁੱਕੇ। ਸਕੂਲ ਵਿਚ ਸੇਵਾਵਾਂ ਨਿਭਾ ਰਹੇ ਕੋਚ, ਅਧਿਆਪਨ, ਗੈਰ ਅਧਿਆਪਨ ਦੀਆਂ ਅਸਾਮੀਆਂ ਰੈਗੂਲਰ ਕੀਤੀਆਂ ਜਾਣ, ਸਕੂਲ ਵਿਚ ਖਾਲੀ ਅਸਾਮੀਆਂ ਅਤੇ ਹੋਰ ਲੋੜੀਂਦੀਆਂ ਅਸਾਮੀਆਂ ਨੂੰ ਰੈਗੂਲਰ ਦੇ ਅਧਾਰ 'ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਵਿਚ ਸਾਰੇ ਵਿੱਦਿਅਕ ਅਦਾਰੇ ਖੋਲ੍ਹੇ ਜਾ ਚੁੱਕੇ ਹਨ, ਉਸ ਸਮੇਂ ਵਿਦਿਆਰਥੀਆਂ ਲਈ ਸਪੋਰਟਸ ਸਕੂਲ ਦੇ ਦਰਵਾਜ਼ੇ ਬੰਦ ਹਨ। ਸਕੂਲ ਨੂੰ ਤੁਰੰਤ ਖੋਲਿ੍ਹਆ ਜਾਵੇ, ਫੰਡਾਂ ਦੀ ਤੋਟ ਕਾਰਨ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਨੂੰ ਪਿਛਲੇ 06 ਮਹੀਨਿਆਂ ਤੋਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ, ਰੁਕੀਆਂ ਹੋਈਆਂ ਤਨਖਾਹਾਂ ਫੌਰੀ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਇਨ੍ਹਾਂ ਮੰਗਾਂ ਸਬੰਧੀ 07 ਮਾਰਚ ਨੂੰ ਖਜਾਨਾ ਮੰਤਰੀ ਦੇ ਦਫ਼ਤਰ ਅੱਗੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ 'ਚ ਪਿੰਡਾਂ 'ਚ ਮੀਟਿੰਗਾਂ ਰੈਲੀਆਂ ਕਰਵਾਈਆਂ ਜਾਣਗੀਆਂ। ਨੌਜਵਾਨ ਭਾਰਤ ਸਭਾ ਤੋਂ ਅਸ਼ਵਨੀ ਘੁੱਦਾ, ਸਰਕਾਰੀ ਸਪੋਰਟਸ ਸਕੂਲ ਘੁੱਦਾ ਤੋਂ ਅਧਿਆਪਕ ਅਮਨਦੀਪ ਕੌਰ, ਗਗਨਦੀਪ ਕੌਰ, ਮੋਨਿਕਾ ਰਾਣੀ, ਕੋਚ ਗਗਨਦੀਪ ਸਿੰਘ, ਬਲਜਿੰਦਰ ਕੌਰ, ਹਰਦੀਪ ਸਿੰਘ, ਅਬਦੁਲ ਸਤਾਰ, ਮਨਪ੍ਰਰੀਤ ਸਿੰਘ ਹਾਜਰ ਸਨ।