ਗੁਰਤੇਜ ਸਿੰਘ ਸਿੱਧੂ, ਬਠਿੰਡਾ : ਖਾਦ ਪਦਾਰਥਾਂ ਦੇ ਨਮੂਨੇ ਨਾ ਭਰਣ ਦੇ ਇਵਜ਼ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਮੇਸ਼ ਮਹੇਸ਼ਵਰੀ ਵੱਲੋਂ ਦੁਕਾਨਾਂ ਤੋਂ ਮਹੀਨਾ ਉਗਰਾਹੇ ਜਾਣ ਦੀਆਂ ਕਈ ਪਰਤਾਂ ਖੁੱਲ੍ਹਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਹੈ। ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਡੀਐੱਚਓ ਨੂੰ ਬਚਾਉਣ ਲਈ ਵੀ ਕਈ ਸਿਹਤ ਅਧਿਕਾਰੀ ਸਰਗਰਮ ਹੋ ਗਏ ਹਨ। ਪੈਸੇ ਵਸੂਲੀ ਦਾ ਇਹ ਗੋਰਖਧੰਦਾ ਕੋਈ ਨਵਾਂ ਨਹੀਂ ਹੈ ਸਗੋਂ ਇਹ ਬਹੁਤੇ ਸਮੇਂ ਤੋਂ ਚੱਲ ਰਿਹਾ ਸੀ। ਡੀਐੱਚਓ ਵੱਲੋਂ ਹਰ ਮਹੀਨੇ ਦੁਕਾਨਦਾਰਾਂ ਤੋਂ ਲੱਖਾਂ ਰੁਪਇਆ ਰਿਸ਼ਵਤ ਦੇ ਰੂਪ ਵਿਚ ਵਸੂਲ ਕੀਤਾ ਜਾ ਰਿਹਾ ਸੀ। ਹਰ ਸ਼ਹਿਰ ਤੇ ਮੰਡੀ ਵਿਚ ਇਕ ਦੋ ਦੁਕਾਨਦਾਰਾਂ ਦੀ ਪੈਸੇ ਇਕੱਠੇ ਕਰਕੇ ਡੀਐੱਚਓ ਤਕ ਪਹੁੰਚਦੇ ਕਰਨ ਦੀ ਡਿਊਟੀ ਲੱਗੀ ਹੋਈ ਸੀ। ਚੜ੍ਹੇ ਮਹੀਨੇ ਦੁਕਾਨਦਾਰ ਪੈਸੇ ਇਕੱਠੇ ਕਰਕੇ ਡੀਐੱਚਓ ਦੇ ਘਰ ਪਹੁੰਚਾ ਰਹੇ ਸਨ। ਰਿਸ਼ਵਤ ਦੀ ਇਹ ਖੇਡ ਕੋਈ ਨਵੀਂ ਨਹੀਂ ਹੈ, ਦੁਕਾਨਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਡੀਐਚਓ ਕੋਈ ਵੀ ਹੋਵੇ ਉਹ ਦੁਕਾਨਦਾਰਾਂ ਤੋਂ ਮਹੀਨੇ ਦੇ ਪੈਸੇ ਵਸੂਲ ਕਰਦਾ ਰਿਹਾ ਹੈ। ਜਿਹੜਾ ਦੁਕਾਨਦਾਰ ਮਹੀਨੇ ਦੇ ਪੈਸੇ ਨਹੀਂ ਦਿੰਦਾ, ਉਸ ਦੀ ਦੁਕਾਨ 'ਤੇ ਛਾਪੇਮਾਰੀ ਕਰਕੇ ਖਾਦ ਪਦਾਰਥਾਂ ਦੇ ਨਮੂਨੇ ਭਰ ਲਏ ਜਾਂਦੇ ਹਨ। ਦੁਕਾਨਾਂ ਤੋਂ ਇਲਾਵਾ ਹੋਟਲਾਂ ਤੇ ਢਾਬਿਆਂ ਤੋਂ ਮਹੀਨਾ ਵਸੂਲੇ ਜਾਣ ਦਾ ਪਤਾ ਲੱਗਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਤੋਂ ਸੇਵਾ ਮੁਕਤ ਹੋਏ ਐੱਸਐੱਮਓ ਡਾ. ਸਤੀਸ ਕੁਮਾਰ ਨੇ ਡੀਐੱਚਓ ਨੂੰ ਭੁੱਚੋ ਮੰਡੀ ਦੀ ਇਕ ਦੁਕਾਨ ਤੋਂ ਨਮੂਨੇ ਭਰਨ ਦੇ ਮਾਮਲੇ 'ਚ ਫੋਨ ਕੀਤਾ ਸੀ ਜਿਸ 'ਤੇ ਡੀਐੱਚਓ ਨੇ ਕਿਹਾ ਸੀ ਕਿ ਉਕਤ ਦੁਕਾਨਦਾਰ ਸਿਸਟਮ 'ਚ ਨਹੀਂ ਚੱਲਦੇ। ਵਾਇਰਲ ਹੋਈ ਆਡੀਓ ਵਿਚ ਡੀਐੱਚਓ ਕਹਿ ਰਿਹਾ ਹੈ ਕਿ ਦੋ ਸੌ ਰੁਪਏ ਮਹੀਨਾ ਕੋਈ ਵੱਡੀ ਗੱਲ ਨਹੀਂ ਹੈ। ਜੇ ਇਕ ਦੁਕਾਨਦਾਰ ਉਨ੍ਹਾਂ ਨੂੰ ਮਹੀਨਾ ਨਹੀਂ ਦਿੰਦਾ ਤਾਂ ਦੂਜੇ ਦੁਕਾਨਦਾਰ ਇਤਰਾਜ਼ ਕਰਦੇ ਹਨ। ਇਹ ਆਡੀਓ ਵਾਇਰਲ ਹੋਣ ਬਾਅਦ ਇਸਨੂੰੂ ਡੀਐੱਚਓ ਵਿਚਕਾਰ ਹੋਈ ਗੱਲਬਾਤ ਦੱਸ ਕੇ ਉਸਨੂੰ ਮੁਅੱਤਲ ਕਰ ਦਿੱਤਾ ਸੀ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਕੇ ਕਥਿਤ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਬਾਕਸ

ਰੂਪੋਸ਼ ਹੋਇਆ ਡੀਐਚਓ

ਡੀਐੱਚਓ ਡਾ. ਰਾਮੇਸ਼ ਮਹੇਸ਼ਵਰੀ ਉਸ ਦਿਨ ਤੋਂ ਹੀ ਰੂਪੋਸ਼ ਚੱਲ ਰਹੇ ਹਨ। ਪੁਲਿਸ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਡਾ. ਮਹੇਸ਼ਵਰੀ ਦੀ ਗਿ੍ਫ਼ਤਾਰੀ ਬਾਅਦ ਇਸ ਲੱਖਾਂ ਰੁਪਏ ਦੇ ਗੋਰਖਧੰਦੇ ਦੀਆਂ ਕਈ ਪਰਤਾਂ ਖੁੱਲ੍ਹ ਸਕਦੀਆਂ ਹਨ। ਡੀਐੱਚਓ ਕੋਲ ਬਠਿੰਡਾ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਦਾ ਚਾਰਜ਼ ਵੀ ਸੀ। ਪੁਲਿਸ ਨੇ ਮਹੀਨਾ ਵਸੂਲੇ ਜਾਣ ਦੇ ਮਾਮਲੇ ਵਿਚ ਗਵਾਹ ਬਣਾਉਣ ਲਈ ਦੁਕਾਨਦਾਰਾਂ ਤਕ ਪਹੁੰਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਕੁਝ ਦੁਕਾਨਦਾਰਾਂ ਨੇ ਪੁਲਿਸ ਤਕ ਖੁਦ ਪਹੁੰਚ ਕੀਤੀ ਹੈ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਡੀਐਚਓ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।