ਗੁਰੂਘਰ ਦੀ ਗੋਲਕ ਚੋਰੀ ਮਾਮਲੇ ’ਚ ਪੁਲਿਸ ਨੇ ਦੋ ਕਥਿਤ ਮੁਲਜ਼ਮ ਕੀਤੇ ਕਾਬੂ ਪੁਲਿਸ ਵੱਲੋਂ ਹੁਣ ਦੋਵਾਂ ਨੂੰ ਕਾਬੂ ਕਰਕੇ ਮਾਮਲੇ ਸਬੰਧੀ ਅਗਲੇਰੀ ਪੁੱਛਗਿੱਛ ਅਤੇ ਜਾਂਚ ਕੀਤੀ ਜਾ ਰਹੀ ਹੈ। ਚੋਰੀ ਹੋਈ ਗੋਲਕ ਅਤੇ ਉਸ ਵਿੱਚ ਮੌਜੂਦ ਰਕਮ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੁਰੂਘਰ ਦੇ ਪ੍ਰਧਾਨ ਗੁਲਾਬ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਗੋਲਕ ਚੋਰੀ ਦੀ ਘਟਨਾ ਦੀ ਪੂਰੀ ਜਾਂਚ ਕਰਕੇ ਕਥਿਤ ਤੌਰ ’ਤੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
Publish Date: Sun, 09 Aug 2026 04:58 PM (IST)
Updated Date: Mon, 10 Aug 2026 01:43 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ/ਰਾਮਾ ਮੰਡੀ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਸਥਿਤ ਗੁਰੂਘਰ ਦਮਦਮਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਗੋਲਕ ਚੋਰੀ ਹੋਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਥਾਣਾ ਰਾਮਾ ਵਿਖੇ ਦਰਜ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 12 ਅਤੇ 13 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਦੋ ਵਿਅਕਤੀ ਗੁਰੂਘਰ ਦੀ ਸਾਈਡ ਵਾਲੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਸਨ। ਕਥਿਤ ਤੌਰ ’ਤੇ ਉਨ੍ਹਾਂ ਵੱਲੋਂ ਦਰਬਾਰ ਸਾਹਿਬ ਦੇ ਗੇਟ ਦਾ ਤਾਲਾ ਤੋੜ ਕੇ ਗੋਲਕ ਚੋਰੀ ਕਰ ਲਈ ਗਈ ਅਤੇ ਮੋਟਰਸਾਈਕਲ ’ਤੇ ਲੈ ਕੇ ਫਰਾਰ ਹੋ ਗਏ ਸਨ। 13 ਜੁਲਾਈ ਨੂੰ ਗੁਰੂਘਰ ਦੇ ਹੈੱਡ ਗ੍ਰੰਥੀ ਵੱਲੋਂ ਗੋਲਕ ਚੋਰੀ ਹੋਣ ਦੀ ਸੂਚਨਾ ਮਿਲਣ ਉਪਰੰਤ ਗੁਰੂਘਰ ਦੇ ਪ੍ਰਧਾਨ ਗੁਲਾਬ ਸਿੰਘ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਇਸ ਸਬੰਧੀ ਥਾਣਾ ਰਾਮਾ ਵਿਖੇ ਬੀਐੱਨਐੱਸ ਅਧੀਨ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਨਵਦੀਪ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪੱਕਾ ਕਲਾਂ ਅਤੇ ਕੁਲਵਿੰਦਰ ਸਿੰਘ ਉਰਫ਼ ਗੱਗੂ ਪੁੱਤਰ ਮੇਜਰ ਸਿੰਘ ਵਾਸੀ ਕੋਟਗੁਰੂ ਨੂੰ ਕਾਬੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗੁਰੂਘਰ ਦੇ ਪ੍ਰਧਾਨ ਵੱਲੋਂ ਪਹਿਲਾਂ ਦਿੱਤੇ ਬਿਆਨ ਵਿਚ ਵੀ ਇਨ੍ਹਾਂ ਦੋਵਾਂ ਵਿਅਕਤੀਆਂ ’ਤੇ ਗੋਲਕ ਚੋਰੀ ਵਿਚ ਸ਼ਾਮਲ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ। ਬਿਆਨ ਅਨੁਸਾਰ, ਕਥਿਤ ਤੌਰ ’ਤੇ ਚੋਰੀ ਕੀਤੀ ਗੋਲਕ ਨੂੰ ਮੋਟਰਸਾਈਕਲ ਪਲਸਰ ’ਤੇ ਲਿਜਾਇਆ ਗਿਆ ਸੀ। ਪੁਲਿਸ ਵੱਲੋਂ ਹੁਣ ਦੋਵਾਂ ਨੂੰ ਕਾਬੂ ਕਰਕੇ ਮਾਮਲੇ ਸਬੰਧੀ ਅਗਲੇਰੀ ਪੁੱਛਗਿੱਛ ਅਤੇ ਜਾਂਚ ਕੀਤੀ ਜਾ ਰਹੀ ਹੈ। ਚੋਰੀ ਹੋਈ ਗੋਲਕ ਅਤੇ ਉਸ ਵਿੱਚ ਮੌਜੂਦ ਰਕਮ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੁਰੂਘਰ ਦੇ ਪ੍ਰਧਾਨ ਗੁਲਾਬ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਗੋਲਕ ਚੋਰੀ ਦੀ ਘਟਨਾ ਦੀ ਪੂਰੀ ਜਾਂਚ ਕਰਕੇ ਕਥਿਤ ਤੌਰ ’ਤੇ ਸ਼ਾਮਲ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।