ਗੁਰਨੈਬ ਸਾਜਨ, ਬਠਿੰਡਾ : ਲੰਪੀ ਸਕਿੰਨ ਵਾਇਰਸ ਦੀ ਬਿਮਾਰੀ ਨਾਲ ਮਰ ਰਹੀਆਂ ਗਊਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਲੰਪੀ ਸਕਿੰਨ ਦੀ ਬਿਮਾਰੀ ਕਾਰਨ ਮਰ ਰਹੀਆਂ ਗਊਆਂ ਨੂੰ ਰਜਵਾਹਿਆਂ, ਸੜਕਾਂ ਕਿਨਾਰੇ ਸੁੱਟਣ ਨਾਲ ਹਵਾ ਪ੍ਰਦੂਸ਼ਿਤ ਹੋਣ ਨਾਲ ਆਸੇ ਪਾਸੇ ਬਿਮਾਰੀਆਂ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮਰ ਰਹੀਆਂ ਗਾਵਾਂ ਨੂੰ ਧਰਤੀ ਵਿਚ ਟੋਆ ਪੁੱਟ ਕੇ ਦਬਾਉਣ ਦੀ ਬਜਾਏ ਲੋਕ ਸੜਕਾਂ ਜਾਂ ਰਜਵਾਹਿਆਂ ਵਿਚ ਸੁੱਟ ਰਹੇ ਹਨ। ਪਿਛਲੇ ਦਿਨੀਂ ਮਰ ਰਹੀਆਂ ਗਾਵਾਂ ਮਹਿਮਾ ਭਗਵਾਨਾ ਦੇ ਝਾਲ 'ਚ ਫਸੀਆਂ ਦਿਖਾਈ ਦਿੱਤੀਆਂ, ਉਸ ਤੋਂ ਬਾਅਦ ਲੋਕਾਂ ਵੱਲੋਂ ਦੋ ਗਾਵਾਂ ਕੋਟਭਾਈ ਰਜਵਾਹੇ 'ਚ ਸੁੱਟੀਆਂ ਗਈਆਂ। ਗੋਨਿਆਣਾ ਮੰਡੀ ਤੋਂ ਮਹਿਮਾ ਸਰਜਾ ਨੇੜੇ ਲੱਖੀ ਜੰਗਲ ਸੜਕ 'ਤੇ ਵੀ ਮਰੀਆਂ ਗਾਵਾਂ ਸੁੱਟੀਆਂ ਗਈਆਂ ਹਨ। ਇਸ ਤੋਂ ਬਾਅਦ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਸੇ ਪਾਸੇ ਦੇ ਪਿੰਡਾਂ ਦੇ ਗੁਰੂਘਰਾਂ ਦੇ ਸਪੀਕਰਾਂ ਵਿਚ ਮੁਨਿਆਦੀ ਕਰਵਾਈ ਗਈ ਹੈ ਕਿ ਵਾਟਰ ਵਰਕਸ ਦਾ ਪਾਣੀ ਨਾ ਵਰਤਿਆ ਜਾਵੇ। ਪਿੰਡਾਂ ਵਿਚ ਡੇਅਰੀ ਉਤਪਾਦਕਾਂ ਵੱਲੋਂ ਵੀ ਜੋ ਲੋਕਾਂ ਵੱਲੋਂ ਡੇਅਰੀ ਵਿਚ ਦੁੱਧ ਪਾਉਣ ਜਾਂਦਾ ਹੈ, ਬਕਾਇਦਾ ਪੁੱਿਛਆ ਜਾਂਦਾ ਹੈ ਕਿ ਇਹ ਦੁੱਧ ਬਿਮਾਰੀ ਕਾਰਨ ਪੀੜਤ ਗਾਂ ਦਾ ਤਾਂ ਨਹੀਂ ਹੈ ਤੇ ਡੇਅਰੀ ਮਾਲਕਾਂ ਵੱਲੋਂ ਵੀ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਇਸ ਸਬੰਧੀ ਜੀਦਾ ਦੇ ਡੇਅਰੀ ਮਾਲਕ ਬਿੰਦਰ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਗਾਵਾਂ ਦਾ ਦੁੱਧ ਕੱਚੇ ਥਾਂ ਟੋਆ ਪੁੱਟ ਕੇ ਵਿਚ ਸੁੱਟਣ ਨਾ ਕਿ ਖੁੱਲ੍ਹੀਆਂ ਥਾਵਾਂ ਵਿਚ ਸੁੱਟਿਆ ਜਾਵੇ। ਉਨਾਂ੍ਹ ਕਿਹਾ ਕਿ ਉਸ ਦੀ ਡੇਅਰੀ 'ਚ ਪਹਿਲਾਂ ਤਿੰਨ ਕੁਇੰਟਲ ਦੁੱਧ ਪਿੰਡ 'ਚੋਂ ਆਉਂਦਾ ਸੀ ਪਰ ਹੁਣ ਮਹਿਜ਼ 60 ਕਿਲੋ ਹੀ ਰਹਿ ਗਿਆ ਹੈ, ਫਿਰ ਵੀ ਉਹ ਪਿੰਡ ਦੇ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਡੇਅਰੀ ਵਿਚ ਗਾਵਾਂ ਦਾ ਦੁੱਧ ਨਾ ਪਾਇਆ ਜਾਵੇ। ਇਸ ਸਬੰਧੀ ਜੀਦਾ ਦੇ ਤੇਜਾ ਸਿੰਘ ਭਲਵਾਨ ਨੇ ਦੱਸਿਆ ਕਿ ਹੱਡਾ ਰੋੜੀਆਂ ਵਿਚ ਵੀ ਖੁੱਲ੍ਹੇਆਮ ਪਸ਼ੂ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਸੁੱਟੇ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਜਿਵੇਂ ਫ਼ਸਲਾਂ 'ਤੇ ਕੁਦਰਤੀ ਆਫ਼ਤਾਂ ਕਾਰਨ ਮੁਆਵਜ਼ਾ ਦਿੰਦੀ ਹੈ, ਉਸ ਤਰਾਂ੍ਹ ਪਸ਼ੂ ਪਾਲਕਾਂ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦੇਵੇ ਅਤੇ ਮਰੇ ਪਸ਼ੂਆਂ ਲਈ ਹੱਡਾ ਰੋੜੀਆਂ ਵੀ ਬਣਾਈਆਂ ਜਾਣ। ਉਨਾਂ੍ਹ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੀ ਡਿਊਟੀ ਲਾਈ ਗਈ ਹੈ ਕਿ ਲੰਪੀ ਸਕਿੰਨ ਦੀ ਬਿਮਾਰੀ ਕਾਰਨ ਮਰ ਰਹੀਆਂ ਗਾਵਾਂ ਨੂੰ ਹੱਡਾ ਰੋੜੀਆਂ ਵਿਚ ਟੋਏ ਪੁੱਟ ਕੇ ਮਿੱਟੀ ਵਿਚ ਦੱਬਿਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਅੱਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ। ਉਨਾਂ੍ਹ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜੇਸੀਬੀ ਮਸ਼ੀਨਾਂ ਨਾਲ ਟੋਏ ਡੂੰਘੇ ਪੁੱਟੇ ਜਾਣ ਅਤੇ ਟੋਇਆਂ ਉਪਰ ਜੋ ਖ਼ਰਚਾ ਆਉਂਦਾ ਹੈ, ਉਹ ਵੀ ਸਰਕਾਰ ਪੰਚਾਇਤਾਂ ਨੂੰ ਮੁਹੱਈਆ ਕਰਵਾਵੇ। ਉਨਾਂ੍ਹ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਕਰਜ਼ੇ ਦੇ ਭਾਰ ਹੇਠ ਦੱਬੀ ਹੋਈ ਹੈ, ਉੱਪਰੋਂ ਪਿੰਡਾਂ ਦੇ ਹੀ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਪਸ਼ੂ ਪਾਲ ਕੇ ਉਨਾਂ੍ਹ ਦਾ ਦੁੱਧ ਵੇਚ ਕੇ ਘਰਾਂ ਦੇ ਗੁਜ਼ਾਰੇ ਚਲਾਏ ਜਾਂਦੇ ਸਨ। ਲੰਪੀ ਸਕਿੰਨ ਦੀ ਬਿਮਾਰੀ ਕਾਰਨ ਦੁਧਾਰੂ ਗਾਵਾਂ ਮਰ ਰਹੀਆਂ ਹਨ, ਜਿਸ ਕਾਰਨ ਉਨਾਂ੍ਹ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਉਨਾਂ੍ਹ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਕਿ ਉਹ ਜਿੰਨਾਂ੍ਹ ਪਸ਼ੂ ਪਾਲਕਾਂ ਦੇ ਪਸ਼ੂ ਇਸ ਬਿਮਾਰੀ ਕਾਰਨ ਮਰੇ ਹਨ, ਉਨਾਂ੍ਹ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨਾਂ੍ਹ ਰਜਵਾਹਿਆਂ, ਸੜਕਾਂ ਕਿਨਾਰੇ ਅਤੇ ਰਸਤਿਆਂ ਉਪਰ ਖੁੱਲ੍ਹੇਆਮ ਮਰੀਆਂ ਗਾਵਾਂ ਸੁੱਟੇ ਜਾਣ ਵਾਲੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗਾਵਾਂ ਨੂੰ ਟੋਏ ਪੁੱਟ ਕੇ ਮਿੱਟੀ ਵਿਚ ਦੱਬਣ, ਤਾਂ ਕਿ ਸਾਡਾ ਆਲਾ ਦੁਆਲਾ ਪ੍ਰਦੂਸ਼ਿਤ ਨਾ ਹੋਵੇ ਅਤੇ ਮਨੁੱਖਤਾ ਬਿਮਾਰੀਆਂ ਤੋਂ ਬਚ ਸਕੇ।