ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਲੋਕ ਜਨਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਮੈਂਬਰ ਐੱਫਸੀਆਈ ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ 26 ਜਨਵਰੀ ਦੀ ਬਠਿੰਡਾ 'ਚ ਹੋਣ ਵਾਲੀ ਕਾਨਫਰੰਸ ਸਬੰਧੀ ਮੀਟਿੰਗ ਹੋਈ, ਜਿਸ ਦੀ ਤਿਆਰੀ ਸਬੰਧੀ ਲੋਜਪਾ ਆਗੂਆਂ 'ਚ ਪੂਰਾ ਉਤਸ਼ਾਹ ਹੈ। ਇਸ ਮੌਕੇ ਗਹਿਰੀ ਨੇ ਕਿਹਾ ਕਿ ਲੋਕ ਜਨਸ਼ਕਤੀ ਪਾਰਟੀ ਪਿਛਲੇ 13 ਸਾਲਾਂ ਤੋਂ ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਲਾਲ ਲਕੀਰ ਖਤਮ ਕਰਵਾ ਕੇ ਘਰਾਂ ਦੀ ਮਾਲਕੀ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਰਾਜਪਾਲ ਪੰਜਾਬ ਨਾਲ ਮੁਲਾਕਾਤ ਕੀਤੀ ਗਈ ਤੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਵੀ ਭੇਜੇ ਗਏ, ਭੁੱਖ ਹੜਤਾਲਾਂ ਅਤੇ ਸਾਈਕਲ ਮਾਰਚ ਕੀਤੇ ਗਏ, ਜਿਸ ਤੋਂ ਬਾਅਦ 30 ਦਸੰਬਰ 2016 ਨੂੰ ਲਾਲ ਲਕੀਰ ਖਤਮ ਕਰਕੇ ਲੋਕਾਂ ਨੂੰ ਘਰਾਂ ਦੀ ਮਾਲਕੀ ਦੇਣ ਦਾ ਨੋਟੀਫਿਕੇਸ਼ਨ ਵੀ ਹੋਇਆ, ਪਰ ਕਾਂਗਰਸ ਸਰਕਾਰ ਨੇ ਇਸ ਫਾਈਲ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਗਹਿਰੀ ਨੇ ਕਿਹਾ ਕਿ ਗਰੀਬ ਅਤੇ ਬੇਜ਼ਮੀਨੇ ਲੋਕ ਘਰਾਂ ਦੀ ਰਜਿਸਟਰੀ ਨਾਂ ਹੋਣ ਕਰਕੇ ਖਾਨਾ ਬਦੋਸ਼ਾਂ ਦੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਗਹਿਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਮਲਕੀਅਤ ਨਾ ਹੋਣ ਕਾਰਨ ਲੋਕਾਂ ਨੂੰ ਮਕਾਨ ਬਣਾਉਣ ਲਈ ਡੇਢ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵੀ ਨਹੀਂ ਦਿੱਤੀ। ਇਸ ਮੌਕੇ ਗਹਿਰੀ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਬਠਿੰਡਾ 'ਚ ਹੋਣ ਵਾਲੀ ਕਾਨਫਰੰਸ ਵਿਚ ਰਾਜਨੀਤਿਕ ਲਾਲਸਾ ਅਤੇ ਨਿੱਜੀ ਵਿਰੋਧ ਨੂੰ ਭੁੱਲ ਕੇ ਇਸ ਕਾਨਫਰੰਸ 'ਚ ਸ਼ਾਮਲ ਹੋਇਆ ਜਾਵੇ ਤਾਂ ਹੀ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਵਾ ਕੇ ਅਸਲ ਆਜ਼ਾਦੀ ਦਿਵਾਈ ਜਾ ਸਕਦੀ ਹੈ।