ਭੋਲਾ ਸਿੰਘ ਮਾਨ, ਮੌੜ ਮੰਡੀ

ਫੂਡ ਸਪਲਾਈ ਵਿਭਾਗ ਵੱਲੋਂ ਪਿਛਲੇ ਦੋ ਸਾਲਾਂ ਤੋਂ ਕੱਟੇ ਹੋਏ ਰਾਸ਼ਨ ਕਾਰਡਾਂ ਨੂੰ ਚਾਲੂ ਕਰਵਾਉਣ ਦੀ ਉਡੀਕ ਕਰ ਰਹੇ ਲਾਭਪਾਤਰੀਆਂ ਦਾ ਗੁੱਸਾ ਸੋਮਵਾਰ ਨੂੰ ਭੜਕ ਪਿਆ ਅਤੇ ਉਨ੍ਹਾਂ ਉੱਪ ਮੰਡਲ ਮੈਜਿਸਟਰੇਟ ਮੌੜ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਕੈਪਟਨ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਖ਼ਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ।

ਉੱਧਰ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਵਿਸ਼ੇਸ਼ ਤੌਰ 'ਤੇ ਧਰਨੇ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਬੋਲਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਅੰਦਰ ਗਰੀਬ ਵਰਗ ਦਾ ਸ਼ੋਸ਼ਣ ਹੋ ਰਿਹਾ ਹੈ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੱਟੇ ਹੋਏ ਰਾਸ਼ਨ ਕਾਰਡ ਧਾਰਕਾਂ ਨੂੰ ਕਾਰਡ ਦੁਬਾਰਾ ਚਾਲੂ ਕਰਵਾਉਣ ਲਈ ਦਫ਼ਤਰੀ ਚੱਕਰਾਂ 'ਚ ਉਲਝਾਇਆ ਹੋਇਆ ਹੈ, ਉੱਥੇ ਹੀ ਕਾਂਗਰਸ ਪਾਰਟੀ ਦੇ ਅੱਧੀ ਦਰਜ਼ਨ ਦੇ ਕਰੀਬ ਆਪਣੇ ਆਪ ਨੂੰ ਹਲਕਾ ਸੇਵਾਦਾਰ ਵਜੋਂ ਹਲਕੇ 'ਚ ਵਿਚਰ ਰਹੇ ਮੁੱਖ ਸੇਵਾਦਾਰਾਂ ਵੱਲੋਂ ਗਰੀਬਾਂ ਨੂੰ ਰਾਸ਼ਨ ਕਾਰਡ ਚਾਲੂ ਕਰਨ ਦੇ ਲਾਰੇ ਲਾ ਕੇ ਕੋਝਾ ਮਜਾਕ ਕੀਤਾ ਜਾ ਰਿਹਾ। ਸ. ਕਮਾਲੂ ਨੇ ਕਾਂਗਰਸ ਦੇ ਲੀਡਰਾਂ 'ਤੇ ਪੱਖਪਾਤ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਗਰੀਬਾਂ ਲਈ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਵੀ ਵੱਡੇ ਪੱਧਰ 'ਤੇ ਪੱਖਪਾਤ ਦੀ ਭੇਂਟ ਚੜੀਆਂ ਹਨ, ਕਿਉਂਕਿ ਠੱਪ ਕੰਮਕਾਰ ਦੌਰਾਨ ਲੋੜਵੰਦ ਗਰੀਬਾਂ ਨੂੰ ਰਾਸ਼ਨ ਕਿੱਟਾਂ ਵੀ ਨਹੀ ਦਿੱਤੀਆਂ, ਜਦੋਂ ਕਿ ਆਪਣੇ ਚਹੇਤਿਆਂ ਨੂੰ ਡਿੱਪੂਆਂ ਤੋਂ ਰਾਸ਼ਨ ਮਿਲਣ ਦੇ ਬਾਵਜੂਦ ਵੀ ਕਿੱਟਾਂ ਦਿੱਤੀਆਂ ਗਈਆਂ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਗਰੀਬ ਪਰਿਵਾਰਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਨਾ ਕੀਤੇ ਗਏ ਤਾਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ, ਕਿਸਾਨ ਯੂਨੀਅਨ ਮਾਨਸਾ ਦੇ ਧਰਮ ਸਿੰਘ, ਦਿਆ ਸਿੰਘ ਕੁੱਤੀਵਾਲ, ਸੁਰਜੀਤ ਸਿੰਘ ਸੰਦੋਹਾ, ਜਸਵਿੰਦਰ ਸਿੰਘ ਗਹਿਰੀ, ਸੁਖਵੀਰ ਸਿੰਘ, ਮਿਸਰਾ ਸਿੰਘ, ਦੇਵ ਰਾਜ ਤੋਂ ਇਲਾਵਾ ਭਾਰੀ ਗਿਣਤੀ ਵਿਚ ਮੌੜ ਖੁਰਦ ਵਾਸੀ ਮੌਜੂਦ ਸਨ।