ਹਰਭਜਨ ਸਿੰਘ ਖ਼ਾਲਸਾ, ਤਲਵੰਡੀ ਸਾਬੋ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸਬੰਧੀ ਆਰਡੀਨੈਂਸਾਂ ਖਿਲਾਫ ਜਿੱਥੇ ਕਿਸਾਨ ਜਥੇਬੰਦੀਆਂ ਸੰਘਰਸ਼ 'ਤੇ ਉੱਤਰੀਆਂ ਹੋਈਆਂ ਹਨ ਉੱਥੇ ਅੱਜ ਪੰਜਾਬ ਕਾਂਗਰਸ ਵੱਲੋਂ ਪਿੰਡ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਦੀ ਲੜੀ ਤਹਿਤ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਵਿਚ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਹਲਕਾ ਸੇਵਾਦਾਰ ਤਲਵੰਡੀ ਸਾਬੋ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ।

ਇਸ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਟਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸਬੰਧੀ ਆਰਡੀਨੈਂਸ ਪਾਸ ਕਰਕੇ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਖਤਮ ਕਰਨ ਦੇ ਪਰਵਾਨੇ 'ਤੇ ਦਸਤਖਤ ਕਰ ਦਿੱਤੇ ਹਨ ਅਤੇ ਇਸ ਨਾਲ ਨਾ ਕੇਵਲ ਕਿਸਾਨ ਸਗੋਂ ਖੇਤ ਮਜਦੂਰ, ਮੰਡੀ ਮਜਦੂਰ, ਛੋਟੇ ਦੁਕਾਨਦਾਰ ਅਤੇ ਰੇਹੜੀ ਫੜੀ ਵਾਲਿਆਂ ਨੂੰ ਵੀ ਵੱਡਾ ਆਰਥਿਕ ਨੁਕਸਾਨ ਪੁੱਜੇਗਾ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਾਰੇ ਇਕ ਥਾਂ ਇਕੱਤਰ ਹੋ ਕੇ ਕਿਸਾਨਾਂ ਦਾ ਸਾਥ ਦੇਈਏ ਤਾਂਕਿ ਕੇਂਦਰ ਸਰਕਾਰ ਉਕਤ ਆਰਡੀਨੈਂਸ ਨੂੰ ਵਾਪਸ ਲੈਣ ਲਈ ਮਜਬੂਰ ਹੋ ਜਾਵੇ। ਉਨ੍ਹਾਂ ਨੇ ਵਰਕਰਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਕਿ ਜੇ ਆਰਡੀਨੈਂਸ ਵਾਪਸ ਨਾ ਲਿਆ ਗਿਆ ਤਾਂ ਦਿੱਲੀ ਤੱਕ ਵੀ ਸੰਘਰਸ਼ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਨੂੰ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਨੇ ਵੀ ਸੰਬੋਧਨ ਕਰਦਿਆਂ ਜਟਾਣਾ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਸੱਦੇ 'ਤੇ ਸ਼ਹਿਰ ਦੇ ਵਰਕਰ ਹਰ ਸੰਘਰਸ਼ ਲਈ ਤਿਆਰ ਹਨ।

ਦੂਜੇ ਪਾਸੇ ਕਾਂਗਰਸੀਆਂ ਵੱਲੋਂ ਜਗਾ ਰਾਮ ਤੀਰਥ ਅਤੇ ਭਾਗੀਵਾਂਦਰ ਆਦਿ ਪਿੰਡਾਂ ਵਿਚ ਵੀ ਰੋਸ ਪ੍ਰਦਰਸ਼ਨ ਕੀਤੇ ਗਏ। ਜਟਾਣਾ ਨਾਲ ਨਿੱਜੀ ਸਹਾਇਕ ਰਣਜੀਤ ਸੰਧੂ, ਗੁਰਤਿੰਦਰ ਸਿੰਘ ਮਾਨ, ਬੇਅੰਤ ਬੰਗੀ ਚੇਅਰਮੈਨ ਬਲਾਕ ਸੰਮਤੀ, ਹਰਬੰਸ ਸਿੰਘ, ਬਲਕਰਨ ਬੱਬੂ, ਲਖਵਿੰਦਰ ਸਿੰਘ ਸਾਰੇ ਕੌਂਸਲਰ, ਗੋਲਡੀ ਗਿੱਲ ਮੀਤ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ, ਦਵਿੰਦਰ ਸੂਬਾ, ਅਰੁਣ ਕੁਮਾਰ ਕੋਕੀ, ਲੀਲਾ ਸਿੰਘ ਤਿੰਨੇ ਸੀਨ: ਕਾਂਗਰਸੀ ਆਗੂ, ਚਿੰਟੂ ਜਿੰਦਲ, ਕਿ੍ਸ਼ਨ ਭਾਗੀਵਾਂਦਰ, ਭਿੰਦਾ ਸਰਾਂ, ਸੁਖਮੰਦਿਰ ਭਾਗੀਵਾਂਦਰ ਆਦਿ ਆਗੂ ਮੌਜੂਦ ਸਨ।