ਸੁਖਜਿੰਦਰ ਰੋਮਾਣਾ, ਸੰਗਤ ਮੰਡੀ

ਯੂਨੀਵਰਸਿਟੀ ਕਾਲਜ ਘੁੱਦਾ ਦੇ ਵਿਦਿਆਰਥੀਆਂ ਵੱਲੋਂ ਮੰਗਲਵਾਰ ਨੂੰ ਯੂਨੀਵਰਸਿਟੀ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫ਼ੰਡ ਉਗਰਾਹੁਣ ਦੇ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ। ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸਹਿਯੋਗ ਨਾਲ ਤਕਰੀਬਨ 100 ਵਿਦਿਆਰਥੀਆਂ ਨੇ ਕਾਲਜ ਗੇਟ ਤੋਂ ਲੈ ਕੇ ਬੱਸ ਸਟੈਂਡ (ਬਾਦਲ-ਬਠਿੰਡਾ ਰੋਡ) ਤਕ ਨਾਅਰੇ ਲਾਉਂਦਿਆਂ ਮਾਰਚ ਕੀਤਾ ਤੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਦੇ ਵੀਸੀ ਦੀ ਅਰਥੀ ਫੂਕੀ।

ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਲੇਮਗੜ੍ਹ ਨੇ ਦੱਸਿਆ ਕਿ ਪੋਸਟ-ਮੈਟਿ੍ਕ ਸਕਾਲਰਸ਼ਿਪ ਅਧੀਨ ਸਕਿਉਰਿਟੀ ਫ਼ੀਸ ਤੋਂ ਇਲਾਵਾ ਕਿਸੇ ਵੀ ਕਿਸਮ ਦੇ ਫ਼ੰਡ/ਫ਼ੀਸ ਦੀ ਉਗਰਾਹੀ ਨਾਜਾਇਜ਼ ਹੈ ਅਤੇ ਇਹ ਫ਼ੈਸਲਾ ਆਮ ਲੋਕਾਂ ਨੂੰ ਸਿੱਖਿਆ ਤੋਂ ਬਾਹਰ ਕਰਨ ਦਾ ਨਾਦਰਸ਼ਾਹੀ ਫ਼ੈਸਲਾ ਹੈ। ਕਾਲਜ ਦੇ ਵਿਦਿਆਰਥੀ ਕੇਸ਼ਵ ਕੁਮਾਰ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹ ਲੈਣ ਦੀ ਨੀਅਤ ਇਸ ਕਿਸਮ ਦੇ ਫ਼ੈਸਲਿਆਂ 'ਚੋਂ ਸਾਫ਼ ਨਜ਼ਰ ਆਉਂਦੀ ਹੈ। ਇਸ ਰੋਸ ਮਾਰਚ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਹੋਰਨਾਂ ਕਾਂਸਟੀਚੁਐਂਟ ਕਾਲਜਾਂ ਦੇ ਵਿਦਿਆਰਥੀ ਕਾਰਕੁਨ ਸ਼ਾਮਲ ਹੋਏ। ਇਸ ਕਾਲਜ ਸਮੇਤ ਕੁੱਲ 13 ਕਾਂਸਟੀਚੁਐਂਟ ਕਾਲਜਾਂ ਵਿਚ ਯੂਨੀਵਰਸਿਟੀ ਨਿਰਦੇਸ਼ਾਂ ਅਨੁਸਾਰ ਇਹ ਫ਼ੰਡ ਉਗਰਾਹਿਆ ਜਾ ਰਿਹਾ ਹੈ। ਐੱਸਸੀ ਵਿਦਿਆਰਥੀਆਂ ਤੋਂ ਉਗਰਾਹੇ ਜਾ ਰਹੇ ਇਸ ਫ਼ੰਡ ਨੂੰ ਰੱਦ ਕਰਾਉਣ ਤੋਂ ਇਲਾਵਾ ਜਨਰਲ, ਬੀਸੀ ਵਿਦਿਆਰਥੀਆਂ ਦੇ ਪੀਟੀਏ ਫ਼ੰਡ ਦੀ ਮਾਫ਼ੀ, ਗੈਸਟ ਫ਼ੈਕਲਟੀ ਤੇ ਠੇਕਾ ਅਧਾਰਤ ਭਰਤੀ ਅਧਿਆਪਕਾਂ ਨੂੰ ਪੱਕੇ ਕਰਨ, ਕਾਲਜ ਪ੍ਰਰਾਸਪੈਕਟਸ ਦੀ ਕੀਮਤ ਘੱਟ ਕਰਨ ਅਤੇ ਪ੍ਰਰੀਖਿਆ ਫ਼ੀਸ ਪਹਿਲਾਂ ਦੀ ਤਰ੍ਹਾਂ ਦਾਖ਼ਲਾ ਫ਼ੀਸ ਤੋਂ ਵੱਖਰੀ ਲਏ ਜਾਣ ਦੀਆਂ ਮੰਗਾਂ ਉਠਾਈਆਂ ਗਈਆਂ। ਭਵਿੱਖ ਵਿਚ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਦੀ ਗੱਲ ਆਖੀ ਗਈ।