ਸੱਤਪਾਲ ਸਿਵੀਆਂ, ਗੋਨਿਆਣਾ ਮੰਡੀ

ਥਾਣਾ ਨੇਹੀਆਂਵਾਲਾ ਦੀ ਪੁਲਿਸ ਵੱਲੋਂ ਥਾਣੇ 'ਚ ਕਬਾੜ ਬਣੇ 71 ਵਹੀਕਲਾਂ ਨੂੰ 5 ਲੱਖ 5 ਹਜ਼ਾਰ ਰੁਪਏ ਵਿਚ ਨਿਲਾਮ ਕਰ ਦਿੱਤਾ ਗਿਆ।

ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵੱਖ-ਵੱਖ ਕੇਸਾਂ ਵਿਚ ਕਬਜ਼ੇ 'ਚ ਲਏ ਗਏ 71 ਵਹੀਕਲਾਂ ਦੀ ਸੋਮਵਾਰ ਨੂੰ ਨਿਲਾਮੀ ਕਰਵਾਈ ਗਈ ਹੈ, ਜਿਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਹੋ ਚੁੱਕਿਆ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਉਕਤ ਵਹੀਕਲਾਂ ਦੀ ਨਿਲਾਮੀ ਲਈ ਮਾਨਯੋਗ ਅਦਾਲਤ ਤੋਂ ਮਿਲੀ ਮਨਜ਼ੂਰੀ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਐੱਸਪੀਡੀ ਗੁਰਬਿੰਦਰ ਸਿੰਘ ਸੰਘਾ, ਡੀਐੱਸਪੀ ਭੁੱਚੋ ਗੋਪਾਲ ਚੰਦ ਭੰਡਾਰੀ ਤੇ ਮੋਟਰਜ਼ ਤਕਨੀਕੀ ਅਫ਼ਸਰ ਏਐੱਸਆਈ ਸੁਖਮੰਦਰ ਸਿੰਘ ਦੀ ਅਗਵਾਈ ਵਾਲੀ ਇਕ ਕਮੇਟੀ ਦਾ ਗਠਨ ਕੀਤਾ ਸੀ। ਸੋਮਵਾਰ ਨੂੰ ਇਸ ਕਮੇਟੀ ਦੀ ਅਗਵਾਈ ਹੇਠ 10 ਠੇਕੇਦਾਰ ਵਹੀਕਲਾਂ ਦੀ ਬੋਲੀ ਦੇਣ ਲਈ ਥਾਣਾ ਨੇਹੀਆਂਵਾਲਾ ਪੱੁਜੇ। ਜਿਨ੍ਹਾਂ ਤੋਂ ਸਕਿਊਰਿਟੀ ਫੀਸ ਵਜੋਂ 1-1 ਲੱਖ ਰੁਪਏ ਜਮ੍ਹਾਂ ਕਰਵਾਏ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸਭ ਤੋਂ ਵੱਧ ਬੋਲੀ ਲਗਾ ਕੇ ਉੱਕਤ ਸਾਰੇ ਵਹੀਕਲ ਠੇਕੇਦਾਰ ਕੁਲਦੀਪ ਡੱਬਵਾਲੀ ਵੱਲੋਂ 5 ਲੱਖ 5 ਹਜ਼ਾਰ ਰੁਪਏ ਵਿਚ ਖਰੀਦ ਲਏ ਗਏ।

ਨਿਲਾਮ ਕੀਤੇ ਗਏ ਵਹੀਕਲਾਂ ਵਿਚ 29 ਸਕੂਟਰ, 19 ਮੋਟਰਸਾਈਕਲ, 16 ਮਾਰੂਤੀ ਕਾਰਾਂ, 2 ਟਰੱਕ, 2 ਜੀਪਾਂ, 1 ਅਸਟੀਮ ਕਾਰ, 1 ਪੀਟਰ ਰੇਹੜਾ ਅਤੇ 1 ਟਾਟਾ 407 ਗੱਡੀ ਸ਼ਾਮਲ ਹਨ, ਜਿਨ੍ਹਾਂ ਦੀ ਕੱੁਲ ਗਿਣਤੀ 71 ਦੱਸੀ ਜਾ ਰਹੀ ਹੈ। ਥਾਣਾ ਨੇਹੀਆਂਵਾਲਾ ਵਿਖੇ ਇਹ ਨਿਲਾਮੀ ਪਹਿਲੀਵਾਰ ਕਰਵਾਈ ਗਈ ਹੈ, ਪਰ ਅਜੇ ਵੀ ਸੈਂਕੜੇ ਹੋਰ ਵਹੀਕਲਾਂ ਨਾਲ ਥਾਣਾ ਭਰਿਆ ਹੋਇਆ ਹੈ।

ਕੀ ਹੈ ਨਿਲਾਮੀ ਕਰਵਾਉਣ ਦਾ ਤਰੀਕਾ

ਇੰਸਪੈਕਟਰ ਰਾਜੇਸ਼ ਨੇ ਦੱਸਿਆ ਕਿ ਮਾਨਯੋਗ ਅਦਾਲਤ ਤੋਂ ਨਿਪਟਾਰਾ ਹੋ ਚੁੱਕੇ ਕੇਸਾਂ ਦੀ ਜੱਜਮੈਂਟ ਹਾਸਿਲ ਕਰਨ ਮਗਰੋਂ ਡੀਏ ਤੋਂ ਵਹੀਕਲਜ਼ ਮਾਲਕ ਦੀ ਅਪੀਲ-ਦਲੀਲ ਦਾਇਰ ਕੀਤੇ ਜਾਣ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ। ਫਿਰ ਮਾਨਯੋਗ ਅਦਾਲਤ ਤੋਂ ਵਹੀਕਲਜ਼ ਨਿਲਾਮੀ ਦੀ ਮਨਜ਼ੂਰੀ ਹਾਸਿਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਗਠਿਤ ਕਮੇਟੀ ਦੀ ਨਿਗਰਾਨੀ ਹੇਠ ਵਹੀਕਲਜ਼ ਦੀ ਨਿਲਾਮੀ ਕਰਵਾਈ ਜਾਂਦੀ ਹੈ। ਨਿਲਾਮੀ ਬਾਰੇ ਅਖਬਾਰੀ ਸੂਚਨਾ ਵੀ ਦਿੱਤੀ ਜਾਂਦੀ ਹੈ। ਜੇਕਰ ਕੋਈ ਵਹੀਕਲ ਮਾਲਕ ਆਪਣੇ ਵਹੀਕਲ ਦੀ ਨਿਲਾਮੀ ਨਹੀਂ ਕਰਵਾਉਣੀ ਚਾਹੁੰਦਾ ਤੇ ਖੁਦ ਰੱਖਣਾ ਚਾਹੁੰਦਾ ਹੈ ਤਾਂ ਉਸ ਵਹੀਕਲ ਦੀ ਨਿਲਾਮੀ ਨਹੀਂ ਕਰਵਾਈ ਜਾਂਦੀ ਤੇ ਕੀਮਤ ਤੈਅ ਕਰਕੇ ਸਬੰਧਤ ਮਾਲਕ ਨੂੰ ਵਹੀਕਲ ਦਿੱਤਾ ਜਾ ਸਕਦਾ ਹੈ, ਪਰ ਅਜਿਹਾ ਕੋਈ ਵਿਅਕਤੀ ਨਹੀਂ ਪੱੁਜਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਹ ਥਾਣਾ ਕੈਨਾਲ ਕਾਲੋਨੀ 'ਚ ਦੋ ਵਾਰ ਨਕਾਰਾ ਵਹੀਕਲਜ਼ ਦੀ ਨਿਲਾਮੀ ਕਰਵਾ ਚੁੱਕੇ ਹਨ।

ਮਾਡਰਨ ਪੁਲਿਸ ਥਾਣਿਆਂ 'ਚ ਨਹੀਂ ਨਕਾਰਾ ਵਹੀਕਲਜ਼ ਖੜ੍ਹਾਉਣ ਦੀ ਜਗ੍ਹਾ

ਪੰਜਾਬ ਭਰ 'ਚ ਕੁਝ ਸਾਲ ਪਹਿਲਾਂ ਨਵੀਂ ਦਿੱਖ ਵਾਲੇ ਮਾਡਰਨ ਥਾਣੇ ਬਣਾਏ ਗਏ ਸਨ। ਇਨ੍ਹਾਂ ਥਾਣਿਆਂ ਨੂੰ ਦਿੱਖ ਤਾਂ ਬੇਸ਼ੱਕ ਬਹੁਤ ਵਧੀਆ ਦਿੱਤੀ ਗਈ ਪਰ ਹਾਦਸਿਆਂ ਨਾਲ ਸਬੰਧਤ ਵਹੀਕਲਜ਼ ਨੂੰ ਥਾਣਿਆਂ ਵਿਚ ਰੱਖਣ ਲਈ ਖੁੱਲ੍ਹੀ ਪੁਖਤਾ ਜਗ੍ਹਾ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਲਗਪਗ ਸਾਰੇ ਥਾਣੇ ਕਬਾੜ ਬਣੇ ਵਹੀਕਲਾਂ ਨਾਲ ਭਰੇ ਹੋਏ ਹਨ। ਮਾਡਰਨ ਕਹੇ ਜਾਣ ਵਾਲੇ ਇਹ ਪੁਲਿਸ ਥਾਣੇ ਹੁਣ ਕਬਾੜ ਦੇ ਘਰ ਬਣੇ ਹੋਏ ਹਨ।