Lakha Sidhana in Mehraj Rally : ਗੁਰਤੇਜ ਸਿੱਧੂ, ਮਹਿਰਾਜ (ਬਠਿੰਡਾ) : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਮਹਿਰਾਜ ਵਿਖੇ ਰੱਖੀ ਗਈ ਰੈਲੀ 'ਚ ਨੌਜਵਾਨ ਆਗੂ ਲੱਖਾ ਸਿਧਾਣਾ (Lakh Sidhana) ਪਹੁੰਚ ਗਿਆ ਹੈ। ਰੈਲੀ 'ਚ ਸ਼ਾਮਲ ਹੋਣ ਤੋਂ ਬਾਅਦ ਲੱਖਾ ਨੇ ਸਟੇਜ ਤੋਂ ਕਿਹਾ ਕਿ ਉਹ ਸ਼ਾਮ ਤਕ ਇੱਥੇ ਹੀ ਰਹੇਗਾ ਤੇ ਆਪਣੇ ਸਾਰੇ ਸਮਰਥਕਾਂ ਨੂੰ ਮਿਲਣ ਤੋਂ ਬਾਅਦ ਜਾਵੇਗਾ। ਉਸ ਨੇ ਲੋਕਾਂ ਨੂੰ ਸਬਰ ਸੰਤੋਖ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਗਾਇਬ ਹੋਇਆ। ਉਸ ਨੇ ਸਟੇਜ ਤੋਂ ਗਰਮਾ ਗਰਮ ਤਕਰੀਰ ਕਰਦਿਆਂ ਕਿਹਾ ਕਿ ਉਸ ਦੀਆਂ ਰਗਾਂ ਵਿੱਚ ਵਗਦਾ ਖੂਨ ਪੰਜਾਬ ਲਈ ਹੈ ਅਤੇ ਜੇਕਰ ਡੁੱਲ੍ਹੇਗਾ ਤਾਂ ਉਹ ਪੰਜਾਬ ਦੇ ਲੋਕਾਂ ਲਈ ਡੁੱਲ੍ਹੇਗਾ।

ਉਸ ਨੇ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਬਹਾਦਰ ਲੋਕ ਅਜਿਹਾ ਨਹੀਂ ਹੋਣ ਦੇਣਗੇ। ਲੱਖੇ ਨੇ ਕਿਹਾ ਕਿ ਇਹ ਪੰਜਾਬ ਦੀ ਫ਼ਸਲਾਂ ਦੀ ਲੜਾਈ ਨਹੀਂ ਸਗੋਂ ਨਸਲਾਂ 'ਤੇ ਹੋਂਦ ਦੀ ਲੜਾਈ ਹੈ। ਉਸ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਹੱਕਾਂ ਲਈ ਲੜਨਾ ਛੱਡ ਦਿੰਦੀਆਂ ਹਨ ਉਨ੍ਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ। ਉਸ ਨੇ ਕਿਹਾ ਕਿ ਦਿੱਲੀ ਪੁਲਿਸ ਜਿੰਨੇ ਮਰਜ਼ੀ ਪਰਚੇ ਕਰ ਲਵੇ ਪਰ ਪੰਜਾਬ ਦੇ ਲੋਕ ਹੁਣ ਤਿੰਨ ਕਾਨੂੰਨ ਰੱਦ ਕਰਵਾਏ ਬਿਨਾਂ ਪਿੱਛੇ ਨਹੀਂ ਹਟਣਗੇ। ਉਸ ਨੇ ਕਿਹਾ ਕਿ ਦੀਪ ਸਿੱਧੂ ਦਾ ਦਿੱਲੀ ਪੁਲਿਸ ਰਿਮਾਂਡ ਲੈ ਕੇ ਤਸ਼ੱਦਦ ਕਰ ਰਹੀ ਹੈ। ਲੱਖੇ ਨੇ ਕਿਹਾ ਕਿ ਭਾਵੇਂ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਲੱਖੇ ਸਬੰਧੀ ਸਰਕਾਰ ਹੀ ਫ਼ੈਸਲਾ ਲਵੇ ਪਰ ਉਹ ਐਲਾਨ ਕਰਦੇ ਹਨ ਕਿ ਜੇਕਰ ਦਿੱਲੀ ਪੁਲਿਸ ਕਿਸੇ ਕਿਸਾਨ ਆਗੂ ਨੂੰ ਗ੍ਰਿਫ਼ਤਾਰ ਕਰੇਗੀ ਤਾਂ ਉਹ ਉਸ ਨਾਲ ਚੱਟਾਨ ਵਾਂਗ ਖੜ੍ਹਨਗੇ। ਉਸ ਨੇ ਕਿਹਾ ਕਿ ਜੇਕਰ ਦਿੱਲੀ ਪੁਲੀਸ ਪੰਜਾਬ 'ਚ ਕਿਸੇ ਨੌਜਵਾਨ ਦੀ ਗ੍ਰਿਫਤਾਰੀ ਲਈ ਆਉਂਦੀ ਹੈ ਤਾਂ ਲੋਕ ਇਕੱਠੇ ਹੋ ਕੇ ਉਸ ਦਾ ਘਿਰਾਓ ਕਰਨ। ਜੇਕਰ ਦਿੱਲੀ ਪੁਲਿਸ ਕਿਸੇ ਨੌਜਵਾਨ ਜਾਂ ਕਿਸਾਨ ਨੂੰ ਗ੍ਰਿਫ਼ਤਾਰ ਕਰਕੇ ਲੈ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੋਵੇਗੀ। ਲੱਖਾ ਸਧਾਣਾ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਉੱਥੋਂ ਗਾਇਬ ਹੋ ਗਏ।

Posted By: Seema Anand