ਦੀਪਕ ਸ਼ਰਮਾ, ਬਠਿੰਡਾ : ਕਿੰਨਰਾਂ ਵਲੋਂ ਰੁਜ਼ਗਾਰ ਦੇਣ ਦੇ ਬਹਾਨੇ ਇਕ ਵਿਅਕਤੀ ਨੂੰ ਆਪਣੇ ਝਾਂਸੇ ਵਿਚ ਲੈ ਕੇ ਉਸ ਦਾ ਗੁਪਤ ਅੰਗ ਵੱਢਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਪੰਜ ਵਿਅਕਤੀਆਂ ਖਿਲਾਫ਼ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੰਗਤ ਪੁਲਿਸ ਕੋਲ ਵਿਨੋਦ ਕੁਮਾਰ ਵਾਸੀ ਦਿਆਲਪੁਰ ਕੇਰੀ ਥਾਣਾ ਹਿੰਦੁਮਲਕੋਟ ਜ਼ਿਲ੍ਹਾ ਸ਼੍ਰੀ ਗੰਗਾਨਗਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਮੰਦਰਾਂ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਲਾਕਡਾਊਨ ਲੱਗਣ ਕਾਰਨ ਧਾਰਮਿਕ ਤੇ ਸਮਾਜਿਕ ਕੰਮ ਬੰਦ ਹੋ ਗਏ, ਜਿਸ ਦੇ ਚੱਲਦਿਆਂ ਉਸ ਨੂੰ ਰੋਜ਼ੀ-ਰੋਟੀ ਦੇ ਲਾਲੇ ਪੈ ਗਏ। ਇਸ ਦੌਰਾਨ ਉਸ ਦਾ ਬਠਿੰਡਾ ਦੇ ਗੁਰੂਸਰ ਸੈਣੇਵਾਲਾ ਵਿਚ ਰਹਿਣ ਵਾਲੇ ਕਿੰਨਰਾਂ ਦੇ ਇਕ ਗਰੁੱਪ ਨਾਲ ਸੰਪਰਕ ਹੋਇਆ। ਇਸ ਗਰੁੱਪ ਵਿਚ ਪਾਲ ਸਿੰਘ, ਕਾਲੂ ਰਾਮ, ਰਾਜੂ, ਸੰਤੋਸ਼ ਅਤੇ ਪ੍ਰਵੀਣ ਸ਼ਾਮਲ ਸਨ। ਉਕਤ ਲੋਕਾਂ ਨੇ ਉਸ ਨੂੰ ਝਾਂਸਾ ਦਿੱਤਾ ਕਿ ਗਰੁੱਪ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਉਹ ਲੋਕਾਂ ਦੇ ਘਰਾਂ ਵਿਚ ਬੱਚਿਆਂ ਦੇ ਜਨਮ, ਵਿਆਹ ਅਤੇ ਹੋਰ ਖੁਸ਼ੀ ਵਿਚ ਨੱਚ ਗਾ ਕੇ ਵਧੀਆ ਕਮਾਈ ਕਰ ਲੈਂਦੇ ਹਨ। ਇਸ ਵਿਚ ਜੇਕਰ ਉਹ ਉਨ੍ਹਾਂ ਨਾਲ ਜੁੁੜ ਜਾਵੇ ਤਾਂ ਉਸ ਨੂੰ ਪ੍ਰਤੀ ਦਿਨ ਵਧੀਆ ਕਮਾਈ ਹੋਵੇਗੀ ਅਤੇ ਘਰ ਦੇ ਨਾਲ ਨਾਲ ਬੱਚਿਆਂ ਦਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਹੋ ਸਕੇਗਾ। ਉਕਤ ਲੋਕਾਂ ਦੀਆਂ ਗੱਲਾਂ ਵਿਚ ਆ ਕੇ ਵਿਨੋਦ ਕੁਮਾਰ ਕਿੰਨਰਾਂ ਦੇ ਗਰੁੱਪ ਨਾਲ ਜੁੜ ਗਿਆ। ਕੁਝ ਦਿਨ ਪਹਿਲਾਂ ਉਕਤ ਲੋਕਾਂ ਨੇ ਰਾਤ ਸਮੇਂ ਉਸ ਨੂੰ ਖਾਣਾ ਖਵਾਇਆ ਅਤੇ ਉਸ ਵਿਚ ਕੋਈ ਨਸ਼ੀਲੀ ਦਵਾਈ ਮਿਲਾ ਦਿੱਤੀ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਨ੍ਹਾਂ ਨੇ ਉਸ ਦਾ ਗੁਪਤ ਅੰਗ ਕੱਟ ਦਿੱਤਾ। ਸਵੇਰੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਅਤੇ ਉਸ ਨੇ ਕਿਸੇ ਤਰ੍ਹਾਂ ਉਕਤ ਲੋਕਾਂ ਦੇ ਚੁੰਗਲ ਵਿਚੋਂ ਨਿਕਲ ਕੇ ਮਾਮਲੇ ਦੀ ਸ਼ਿਕਾਇਤ ਪਹਿਲਾਂ ਰਾਜਸਥਾਨ ਦੇ ਥਾਣਾ ਹਿੰਦੂ ਮਲਕੋਟ ਪੁਲਿਸ ਕੋਲ ਕੀਤੀ ਪਰ ਘਟਨਾ ਸੰਗਤ ਥਾਣਾ ਦੇ ਅਧੀਨ ਘਟੀ ਸੀ, ਜਿਸ ਕਾਰਨ ਉਸ ਨੇ ਇਕ ਸ਼ਿਕਾਇਤ ਸੰਗਤ ਪੁਲਿਸ ਕੋਲ ਦਰਜ ਕਰਵਾ ਦਿੱਤੀ। ਬਠਿੰਡਾ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਵਿਚ ਅਜੇ ਤਕ ਕਿਸੇ ਵੀ ਦੋਸ਼ੀ ਦੀ ਗਿ੍ਰਫ਼ਤਾਰੀ ਨਹੀਂ ਹੋ ਸਕੀ ਹੈ।

Posted By: Ramanjit Kaur