ਮਨਪ੍ਰੀਤ ਸਿੰਘ ਗਿੱਲ ,ਰਾਮਪੁਰਾ ਫੂਲ: ਭੱਠਾ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਐੱਸਡੀਐੱਮ ਫੂਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਵੱਖ-ਵੱਖ ਭੱਠਿਆਂ ਦੇ ਮਜ਼ਦੂਰ ਸ਼ਾਮਲ ਹੋਏ । ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਹਰਵਿੰਦਰ ਸੇਮਾ ਤੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਜੋ ਭੱਠਾ ਮਾਲਕਾਂ ਦੀ ਮਨਸਾ ਹੈ ਕਿ ਉਹ ਲੋਕਲ ਮਜ਼ਦੂਰਾਂ ਨੂੰ ਕੰਮ ਤੇ ਨਾ ਲਾਕੇ ਸਿਰਫ ਪ੍ਰਵਾਸੀ ਮਜ਼ਦੂਰ ਹੀ ਭੱਠਿਆਂ ਉੱਪਰ ਲਗਾਉਣਗੇ ਤਾਂ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਨੇ ਕੋਰੋਨਾ ਦੇ ਦਿਨਾਂ ਵਿੱਚ ਸਿਰਫ ਵੱਡਿਆਂ ਦੇ ਹੱਕ ਵਿੱਚ ਹੀ ਫੈਸਲੇ ਲਏ ਹਨ ਤੇ ਮਜ਼ਦੂਰ ਵਰਗ ਲਈ ਹੋਣ ਵਾਲਾ ਕਿਰਤ ਵਿੱਚ ਨਿਗੂਣਾ ਵਾਧਾ ਵੀ ਜਾਰੀ ਕਰਕੇ ਵਾਪਸ ਲੈ ਲਿਆ ਜਿਸ ਤੋਂ ਸਰਕਾਰ ਦੀ ਨੀਅਤ ਸਾਫ ਹੋ ਗਈ ਕਿ ਉਹ ਗਰੀਬਾਂ ਦੀ ਪਰਵਾਹ ਨਹੀਂ ਸਿਰਫ ਧਨਾਢ ਲੋਕਾਂ ਦੀ ਫ਼ਿਕਰ ਹੈ।

ਉਨ੍ਹਾਂ ਕਿਹਾ ਇੱਕ ਤਾਂ ਪਹਿਲਾਂ ਹੀ ਸਰਕਾਰ ਵੱਲੋਂ ਰੇਟ ਜਾਰੀ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਭੱਠਾ ਮਾਲਕ ਮਸ਼ੀਨਾਂ ਦਾ ਖਰਚਾ ਮਜ਼ਦੂਰਾਂ ਤੋਂ ਕੱਟਕੇ ਰੇਟ ਵਿੱਚ ਹੋਰ ਕਟੌਤੀ ਕਰ ਰਹੇ ਹਨ ਜੋ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਹ ਮੰਗਾਂ ਸੰਬੰਧੀ ਪਹਿਲਾਂ ਵੀ ਧਿਆਨ ਵਿਚ ਲਿਆਂਦਾ ਹੈ ਪਰ ਅਫਸੋਸ ਸਰਕਾਰ ਦੇ ਕਰਮਚਾਰੀ ਵੀ ਵੱਡਿਆਂ ਦਾ ਪੱਖ ਪੂਰਦੇ ਹਨ ਇਸੇ ਲਈ ਮਜਬੂਰ ਹੋ ਕੇ ਅੱਜ ਧਰਨਾ ਲਾਕੇ ਆਪਣੀ ਅਵਾਜ ਸੁਣਾਉਣ ਆਏ ਹਾਂ ਤੇ ਜੇ ਹਾਲੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਵਾਂਗੇ।

Posted By: Rajnish Kaur