ਹਰਕ੍ਰਿਸ਼ਨ ਸ਼ਰਮਾ, ਬਠਿੰਡਾ : ਜਲੰਧਰ ਦੇ ਛਪਦੇ ਇਕ ਪੰਜਾਬੀ ਅਖ਼ਬਾਰ ਦੇ ਜ਼ਿਲ੍ਹਾ ਇੰਚਾਰਜ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਬਾਅਦ ਦੁਪਹਿਰ ਇਕ ਹਾਦਸੇ ਤੋਂ ਬਾਅਦ ਭੇਤਭਰੇ ਹਾਲਾਤ 'ਚ ਲਾਪਤਾ ਹੋ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਰਿਸ਼ਤੇਦਾਰ, ਮਿੱਤਰਾਂ ਵਲੋਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸਮੂਹ ਪੱਤਰਕਾਰ ਭਾਈਚਾਰੇ ਵਲੋਂ ਘਟਨਾ ਬਾਰੇ ਸੀਨੀਅਰ ਕਪਤਾਨ ਪੁਲਿਸ ਭੁਪਿੰਦਰਜੀਤ ਸਿੰਘ ਵਿਰਕ ਨੂੰ ਵੀ ਜਾਣੂ ਕਰਵਾਇਆ ਗਿਆ। ਪੁਲਿਸ ਮੁਖੀ ਥਾਣਾ ਥਰਮਲ ਪਹੁੰਚੇ ਤੇ ਪੁਲਿਸ ਦੀਆਂ ਵੱਖੋ-ਵੱਖ ਟੀਮਾਂ ਬਣਾ ਕੇ ਹਰ ਪਹਿਲੂ ਤੋਂ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਸਿੱਧੂ ਸ਼ਨੀਵਾਰ ਨੂੰ ਦੁਪਹਿਰ ਦੇ 2:30 ਵਜੇ ਸਬ ਆਫ਼ਿਸ ਬਠਿੰਡਾ ਤੋਂ ਆਪਣੇ ਮੋਟਰਸਾਈਕਲ ਨੰਬਰ. ਪੀ.ਬੀ.56.ਬੀ-1505 ’ਤੇ ਸਵਾਰ ਹੋ ਕੇ ਗੋਨਿਆਣਾ ਰੋਡ ’ਤੇ ਜਾ ਰਹੇ ਸਨ। ਗੋਨਿਆਣਾ ਰੋਡ ’ਤੇ ਐੱਨਐੱਫਐੱਲ ਨਜ਼ਦੀਕ ਤੇ ਪੈਟਰੋਲ ਪੰਪ ਕੋਲ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਨੌਜਵਾਨਾਂ ਅਨੁਸਾਰ ਉਸ ਨੂੰ ਹਸਪਤਾਲ ਲਿਜਾਣ ਲਈ ਵੀ ਆਖਿਆ ਪਰ ਉਹ ਮੋਟਰਸਾਈਕਲ ਖੁਦ ਚਲਾ ਕੇ ਵਾਪਸ ਬਠਿੰਡਾ ਵੱਲ ਚੱਲ ਪਿਆ ਸੀ। ਘਟਨਾ ਵਾਲੇ ਸਥਾਨ ਤੋਂ ਕੁਝ ਕੁ ਮੀਟਰ ਦੀ ਦੂਰੀ ’ਤੇ ਹੀ ਉਨ੍ਹਾਂ ਦਾ ਮੋਟਰ ਸਾਈਕਲ ਖੜ੍ਹਾ ਮਿਲਿਆ ਪਰ ਅੱਜ ਦੁਪਹਿਰ ਬਾਅਦ ਤਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ

ਪਰਿਵਾਰਕ ਤੇ ਸਟਾਫ਼ ਮੈਂਬਰਾਂ ਵਲੋਂ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਦੀ ਮਦਦ ਨਾਲ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ, ਇਸ ਸਬੰਧੀ ਹਸਪਤਾਲਾਂ 'ਚ ਵੀ ਪਤਾ ਕੀਤਾ ਗਿਆ, ਪਰ ਕੰਵਲਜੀਤ ਸਿੰਘ ਸਿੱਧੂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਘਟਨਾ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ। ਡੀਐੱਸਪੀ ਆਸ਼ਵੰਤ ਤੇ ਹੋਰ ਅਧਿਕਾਰੀਆਂ ਵਲੋਂ ਘਟਨਾ ਵਾਲੀ ਥਾਂ ’ਤੇ ਜਾ ਕੇ ਵੀ ਛਾਣਬੀਣ ਕੀਤੀ ਪਰ ਉਨ੍ਹਾਂ ਦੇ ਹੱਥ ਅਜੇ ਤਕ ਕੋਈ ਸੁਰਾਗ ਨਹੀਂ ਲੱਗਾ ਹੈ। ਥਾਣਾ ਥਰਮਲ ’ਚ ਸੀਨੀਅਰ ਕਪਤਾਨ ਪੁਲਿਸ ਉਪਰੋਕਤ ਮਸਲੇ ਦੇ ਸਬੰਧ ’ਚ ਪਹੁੰਚੇ ਸਨ ਅਤੇ ਕਾਫ਼ੀ ਸਮਾਂ ਇਸ ਘਟਨਾ ਦੀ ਜਾਂਚ ਕਰ ਰਹੇ ਸਨ।

Posted By: Rajnish Kaur