ਮਨਪ੍ਰੀਤ ਸਿੰਘ ਗਿੱਲ, ਬਾਲਿਆਂਵਾਲੀ : ਨੇੜਲੇ ਪਿੰਡ ਢੱਡੇ ਤੋਂ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਇੱਕ ਜਥਾ ਰਵਾਨਾ ਹੋਇਆ। ਇਹ ਜਾਣਕਾਰੀ ਦਿੰਦਿਆਂ ਮਲਕੀਤ ਸਿੰਘ ਢੱਡੇ, ਤਰਸੇਮ ਸਿੰਘ ਪ੍ਰਧਾਨ ਨੇ ਕਿਹਾ ਮੋਦੀ ਹਕੂਮਤ ਵੱਲੋਂ ਖੇਤੀ ਵਿਰੋਧੀ ਲੋਕ ਵਿਰੋਧੀ ਕਾਲੇ ਕਾਨੂੰਨ ਬਣਾ ਕੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਇਹ ਕਾਲੇ ਕਾਨੂੰਨ ਦੇਸ਼ ਦੇ ਸਮੁੱਚੇ ਮਿਹਨਤ ਕਸ ਲੋਕਾਂ ਨੂੰ ਤਬਾਹ ਕਰਨ ਵਾਲੇ ਹਨ। ਦੇਸ਼ ਦੇ ਸਾਰੇ ਵਰਗਾਂ 'ਤੇ ਇਨ੍ਹਾਂ ਦਾ ਮਾੜਾ ਅਸਰ ਪਵੇਗਾ। ਉਨਾਂ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਸਾਰੇ ਵਰਗਾਂ ਦੇ ਸਾਥ ਦੀ ਲੋੜ ਹੈ।

ਢੱਡੇ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਸਾਨੀ ਕਿੱਤਾ ਤੇ ਕਿਸਾਨ ਬਿਲਕੁਲ ਬਰਬਾਦ ਹੋ ਜਾਣਗੇ। ਉਨਾਂ ਕਿਹਾ ਕਿ ਸਾਨੂੰ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾ ਸਕੀਏ। ਇਸ ਮੌਕੇ ਮਲਕੀਤ ਢੱਡੇ ਤੋਂ ਇਲਾਵਾ ਤਰਸੇਮ ਸਿੰਘ,ਭੋਲਾ ਸਿੰਘ, ਬਲਵੀਰ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।

Posted By: Ramandeep Kaur