ਗੁਰਤੇਜ ਸਿੰਘ ਸਿੱਧੂ, ਬਠਿੰਡਾ : ਭਾਵੇਂ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਕੋਰੋਨਾ ਦੇੇ ਇਲਾਜ ਲਈ ਮਰੀਜ਼ ਦੇਸੀ ਕਾੜ੍ਹੇ ਬਣਾ ਕੇ ਪੀਣ ਪਰ ਆਈਸੋਲੇਸ਼ਨ ਵਾਰਡਾਂ ਵਿਚ ਦਾਖਲ ਮਰੀਜ਼ਾਂ ਨੂੰ ਤਾਂ ਦੋ ਡੰਗ ਦੀ ਰੋਟੀ ਲਈ ਦੋ ਚਾਰ ਹੋਣਾ ਪੈ ਰਿਹਾ ਹੈ।

ਸ਼ੁੱਕਰਵਾਰ ਨੂੰ ਸ਼ਾਮ ਤਕ ਖਾਣਾ ਨਾ ਮਿਲਣ ਕਾਰਨ ਭੁੱਖ ਨਾਲ ਬੇਹਾਲ ਹੋਏ ਕੋਰੋਨਾ ਪੀੜਤ ਮਰੀਜ਼ਾਂ ਨੇ ਮੈਰੀਟੋਰੀਅਸ ਸਕੂਲ 'ਚ ਬਣੇ ਆਈਸੋਲੇਸ਼ਨ ਵਾਰਡ ਦੀ ਛੱਤ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਕੋਰੋਨਾ ਮਰੀਜ਼ਾਂ ਨੇ ਸਕੂਲ ਦੀ ਛੱਤ ਤੋਂ ਛਾਲ ਮਾਰਨ ਦੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ, ਜਿਸ ਤੋਂ ਬਾਅਦ ਖਾਣੇ ਦਾ ਇੰਤਜਾਮ ਕੀਤਾ ਗਿਆ। ਮਰੀਜ਼ਾਂ ਨੇ ਉੁਕਤ ਸਾਰੇ ਘਟਨਾਕ੍ਮ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ।

ਕੋਰੋਨਾ ਮਰੀਜ਼ਾਂ ਦਾ ਕਹਿਣਾ ਸੀ ਕਿ ਜੇਕਰ ਪੰਜਾਬ ਸਰਕਾਰ ਉਨ੍ਹਾਂ ਲਈ ਦੋ ਵਕਤ ਦੇ ਖਾਣੇ ਦਾ ਪ੍ਰਬੰਧ ਹੀ ਨਹੀਂ ਕਰ ਸਕਦੀ ਤਾਂ ਫਿਰ ਉਨ੍ਹਾਂ ਨੂੰ ਕੈਦ ਕਰ ਕੇ ਕਿਉਂ ਰੱਖਿਆ ਗਿਆ ਹੈ। ਮਰੀਜ਼ਾਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰ ਤੋਂ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਗਿਆ। ਮਾਹੌਲ ਉਸ ਸਮੇਂ ਭੱਖ ਗਿਆ ਜਦੋਂ ਕੋਰੋਨਾ ਮਰੀਜ਼ਾਂ ਨੂੰ ਕਿਹਾ ਕਿ ਗਿਆ ਕਿ ਸ਼ਾਮ ਨੂੰ ਰੋਟੀ ਨਹੀਂ ਸਗੋਂ ਚਾਹ ਆਵੇਗੀ। ਇਸ ਤੋਂ ਬਾਅਦ ਕੋਰੋਨਾ ਮਰੀਜ਼ ਆਈਸੋਲੇਸ਼ਨ ਵਾਰਡ ਦੀ ਛੱਤ 'ਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।

ਪਹਿਲਾਂ ਵੀ ਮਿਲ ਚੁੱਕੀਆਂ ਸ਼ਿਕਾਇਤਾਂ

ਬਠਿੰਡਾ ਸ਼ਹਿਰ ਅੰਦਰ ਕੋਰੋਨਾ ਮਰੀਜ਼ਾਂ ਲਈ ਬਣਾਏ ਗਏ ਆਈਸੋਲੇਸ਼ਨ ਕੇਂਦਰਾਂ ਵਿਚ ਖਾਣਾ ਸਮੇਂ ਸਿਰ ਨਾ ਮਿਲਣ ਦੀ ਇਹ ਕੋਈ ਪਹਿਲੀ ਸ਼ਿਕਾਇਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੋਰੋਨਾ ਪੀੜਤ ਮਰੀਜ਼ ਸਮੇਂ ਸਿਰ ਖਾਣਾ ਨਾ ਮਿਲਣ ਦੀਆਂ ਸ਼ਿਕਾਇਤਾਂ ਕਰ ਚੁੱਕੇ ਹਨ। 30 ਜੁਲਾਈ ਨੂੰ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਕੇਂਦਰ ਵਿਚ ਕੋਰੋਨਾ ਪੀੜਤਾਂ ਲਈ ਖਾਣਾ ਕਰੀਬ ਰਾਤ 11 ਵਜੇ ਪੁੱਜਾ ਸੀ, ਜਿਸ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਸੀ।

ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਵਾਪਸ ਲੈ ਕੇ ਆਉਣ ਤੋਂ ਬਾਅਦ ਕੋਰੋਨਾ ਪੀੜਤ ਮਿਲੇ ਪੀਆਰਟੀਸੀ ਦੇ ਡਰਾਈਵਰਾਂ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਚ ਆਈਸੋਲੇਸ਼ਨ ਵਾਰਡ ਵਿਚੋਂ 2 ਮਈ ਨੂੰ ਵੀਡੀਓ ਵਾਇਰਲ ਕਰਕੇ ਖਾਣਾ ਨਾ ਮਿਲਣ ਦੇ ਦੋਸ਼ ਲਾਏ ਸਨ। ਨੌਜਵਾਨ ਵੈੱਲਫ਼ੇਅਰ ਸੋਸਾਇਟੀ ਦਾ ਕੋਰੋਨਾ ਪੀੜਤ ਮਰੀਜ਼ਾਂ ਨੂੰ ਖਾਣਾ ਦੇਣ ਲਈ ਕਰੀਬ ਪੰਦਰਾਂ ਲੱਖ ਰੁਪਏ ਖਰਚ ਹੋ ਚੁੱਕੇ ਹਨ। ਹੁਣ ਕੁਝ ਦਿਨ ਪਹਿਲਾਂ ਇਸ ਮਾਮਲੇ ਸਬੰਧੀ ਪੰਜਾਬੀ ਜਾਗਰਣ ਵੱਲੋਂ ਖਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਸੰਸਥਾ ਨੂੰ ਪੰਜ ਲੱਖ ਰੁਪਏ ਜਾਰੀ ਕੀਤੇ ਹਨ।

ਸਮਾਜ ਸੇਵੀ ਸੰਸਥਾ ਦੇ ਰਹੀ ਹੈ ਮਰੀਜ਼ਾਂ ਨੂੰ ਖਾਣਾ

ਭਾਵੇਂ ਪੰਜਾਬ ਸਰਕਾਰ ਨੇ ਕੋਰੋਨਾ ਨਾਲ ਲੜਨ ਲਈ ਬਠਿੰਡਾ ਜ਼ਿਲ੍ਹੇ ਨੂੰ 100 ਕਰੋੜ ਰੁਪਏ ਜਾਰੀ ਕੀਤੇ ਹਨ ਪਰ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਕੋਰੋਨਾ ਪੀੜਤਾਂ ਲਈ ਸਰਕਾਰ ਵੱਲੋਂ ਖਾਣੇ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਿਆ। ਇਨ੍ਹਾਂ ਲਈ ਖਾਣੇ ਦਾ ਪ੍ਰਬੰਧ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਹਨ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸੰਸਥਾ ਨੂੰ ਥੋੜਾ ਆਰਾਮ ਦਿਵਾਉਣ ਲਈ ਪ੍ਰਸ਼ਾਸਨ ਨੇ ਉਸ ਦਿਨ ਕਿਸੇ ਹੋਰ ਸੰਸਥਾ ਦੀ ਮਰੀਜ਼ਾਂ ਨੂੰ ਖਾਣਾ ਦੇਣ ਦੀ ਡਿਊਟੀ ਲਾਈ ਪਰ ਖਾਣਾ ਕੁਝ ਸਮਾਂ ਲੇਟ ਹੋ ਗਿਆ। ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਖਾਣਾ ਵੀ ਮੁਹੱਈਆ ਨਹੀਂ ਕਰਵਾ ਰਹੀ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਕੋਰੋਨਾ ਮਰੀਜ਼ਾਂ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ।

ਕੁਝ ਮਰੀਜ਼ ਲੰਚ ਸਮੇਂ ਬਾਅਦ ਭਰਤੀ ਹੋਣ ਕਾਰਨ ਆਈ ਮੁਸ਼ਕਿਲ : ਐੱਸਡੀਐੱਮ

ਐੱਸਡੀਐੱਮ ਬਠਿੰਡਾ ਅਮਰਿੰਦਰ ਸਿੰਘ ਟਿਵਾਣਾ ਦਾ ਕਹਿਣਾ ਸੀ ਕਿ ਮੈਰੀਟੋਰੀਅਸ ਸਕੂਲ ਵਿਚ ਕਰੀਬ ਸਾਢੇ ਚਾਰ ਸੌ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ ਸੀ ਪਰ ਕੁਝ ਮਰੀਜ਼ ਇਸ ਤੋਂ ਬਾਅਦ ਆਈਸੋਲੇਸ਼ਨ ਸੈਂਟਰ ਵਿਚ ਭਰਤੀ ਹੋਏ ਸਨ, ਜਿਨ੍ਹਾਂ ਨੂੰ ਚਾਹ ਨਾਲ ਬਿਸਕੁੱਟ ਵਗੈਰਾ ਖਾਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਛੱਤ 'ਤੇ ਚੜ੍ਹ ਕੇ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਮੇਂ ਸਿਰ ਵਧੀਆ ਖਾਣਾ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਮੁਹੱਈਆ ਕਰਵਾ ਰਿਹਾ ਹੈ।