v> ਬਠਿੰਡਾ, ਜੇਐੱਨਐੱਨ : ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਜ਼ਿਲ੍ਹਾ ਮਾਨਸਾ,ਬਲਾਕ ਭੀਖੀ ਦੇ ਸਕੱਤਰ ਕਾਮਰੇਡ ਅਮਰੀਕ ਸਮਾਂਓ,ਲਿਬਰੇਸ਼ਨ ਦੇ ਮੌਜੂਦਾ ਸਰਪੰਚ ਪਰਮਜੀਤ ਕੌਰ ਸਮਾਉਂ ਅਤੇ ਗੋਰਾ ਸਿੰਘ ਨੰਬਰਦਾਰ ਤੇ ਹੋਰਨਾਂ ਆਗੂਆਂ ਤੇ ਮਜ਼ਦੂਰਾਂ ਨੂੰ ਭੜਕਾਉਣ ਦਾ ਝੂਠਾ ਮਾਮਲਾ ਦਰਜ ਕਰਨ ਦੀ ਬਜਾਏ ਜਿਲ੍ਹਾ ਪ੍ਰਸ਼ਾਸਨ ਮਜ਼ਦੂਰਾਂ ਦੇ ਘਰਾਂ ਚ ਰਾਸ਼ਨ ਪਹੁੰਚਾਉਣ ਦਾ ਕੰਮ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਸੂਬਾਈ ਆਗੂ ਸੁਖਜੀਤ ਰਾਮਾਨੰਦੀ ਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਰਜਿੰਦਰ ਸਿਵੀਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਵਿਦਿਆਰਥੀ,ਨੌਜਵਾਨ ਆਗੂਆਂ ਨੇ ਕਿਹਾ ਕਿ ਖੱਬੇ ਪੱਖੀ ਆਗੂ ਇਸ ਮੁਸ਼ਕਿਲ ਦੌਰ ਦੇ ਵਿੱਚ ਵੀ ਮਜ਼ਦੂਰ ਪਰਿਵਾਰਾਂ ਦੇ ਘਰਾਂ ਅਤੇ ਭੱਠਿਆਂ ਦੀਆਂ ਪਥੇਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਪਰ ਪੁਲਿਸ ਥਾਣਾ ਭੀਖੀ ਜਿਲਾ ਮਾਨਸਾ ਦੇ ਪੁਲਿਸ ਅਧਿਕਾਰੀਆਂ ਨੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਖੱਬੇ ਪੱਖੀ ਆਗੂਆਂ ਤੇ ਝੂਠਾ ਪਰਚਾ ਦਰਜ ਕੀਤਾ ਹੈ। ਜਿਕਰਯੋਗ ਹੈ ਕਿ ਜਿਸ ਘਟਨਾਕ੍ਰਮ ਨੂੰ ਬਹਾਨਾ ਬਣਾ ਕੇ ਇਹ ਪਰਚਾ ਦਰਜ ਕੀਤਾ ਗਿਆ ਉਸ ਦਿਨ ਸਾਥੀ ਅਮਰੀਕ ਸਮਾਂਓ ਜੋਗਾ ਇਲਾਕੇ ਦੇ ਭੱਠਿਆਂ ਦੇ ਮਜ਼ਦੂਰ ਪਰਿਵਾਰਾਂ ਚ ਰਾਸ਼ਨ ਵੰਡ ਰਹੇ ਸਨ, ਲਿਬਰੇਸ਼ਨ ਦੇ ਮੌਜੂਦਾ ਸਰਪੰਚ ਪਰਮਜੀਤ ਕੌਰ ਆਪਣੇ ਘਰ ਸਨ ਅਤੇ ਗੋਰਾ ਸਿੰਘ ਨੰਬਰਦਾਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਠਿੰਡੇ ਦਵਾਈ ਲੈਣ ਲਈ ਆਏ ਹੋਏ ਸਨ। ਇਸ ਮੌਕੇ ਵਿਦਿਆਰਥ,ਨੌਜਵਾਨ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਖੱਬੇ ਪੱਖੀ ਆਗੂਆਂ ਤੇ ਦਰਜ ਝੂਠਾ ਪਰਚਾ ਤੁਰੰਤ ਰੱਦ ਕਰੇ ਅਤੇ ਬੇਬੁਨਿਆਦ ਸ਼ਿਕਾਇਤਾਂ ਕਰਨ ਵਾਲਿਆਂ ਤੇ ਤੁਰੰਤ ਕਾਨੂੰਨੀ ਕਾਰਵਾਈ ਕਰੇ।

Posted By: Rajnish Kaur