ਗੁਰਤੇਜ ਸਿੰਘ ਸਿੱਧੂ, ਬਠਿੰਡਾ : ਇਹ ਨਵੀਂ ਦਿੱਲੀ ਅਤੇ ਪਟਿਆਲਾ-ਅੰਬਾਲਾ ਰੇਲ ਲਾਈਨਾਂ ਵਿਚਕਾਰ ਫਸੀ ਹੋਈ ਅਮਰਪੁਰਾ ਬਸਤੀ ਦੀ ਛੋਟੀ ਜਿਹੀ ਗਲੀ ਨੰਬਰ ਇਕ ਹੈ। ਇਸ ਗਲੀ ਵਿਚ ਕੁਝ ਦਿਨ ਪਹਿਲਾਂ ਤਕ ਇੱਥੇ ਰਹਿਣ ਵਾਲੇ ਲੋਕਾਂ, ਉਨ੍ਹਾਂ ਦੇ ਸਕੇ ਸਬੰਧੀਆਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਸ਼ਾਇਦ ਹੀ ਕੋਈ ਆਉਂਦਾ ਜਾਂਦਾ ਹੋਵੇਗਾ ਪਰ ਅੱਜਕਲ੍ਹ ਇਸ ਗਲੀ ਵਿਚ ਆਉਣ ਜਾਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਇਸ ਵਿਚ ਕਾਫ਼ੀ ਗਿਣਤੀ ਮੀਡੀਆ ਕਰਮੀਆਂ ਦੀ ਵੀ ਹੁੰਦੀ ਹੈ। ਇਹ ਸਭ ਲੋਕ ਇਸ ਗਲੀ ਦੇ ਖੱਬੇ ਹੱਥ ਸਭ ਤੋਂ ਆਖਰੀ ਮਕਾਨ ਐਮਸੀਬੀਜੈਡ-704607 ਵਿਚ ਆ ਜਾ ਰਹੇ ਹਨ। ਪਟਿਆਲਾ ਰੇਲਵੇ ਲਾਈਨ ਦੇ ਬਿਲਕੁਲ ਨਾਲ ਜਮ੍ਹਾਂ ਚਿੱਕੜ ਕੋਲ ਸਥਿੱਤ ਇਹ ਡਿੱਗੀ ਹੋਈ ਕੰਧ ਵਾਲਾ ਛੋਟਾ ਜਿਹਾ ਘਰ, ਉਸ ਬੂਟ ਪਾਲਿਸ ਕਰਨ ਵਾਲੇ ਸੰਨੀ ਦਾ ਹੈ, ਜੋ ਅੱਜ ਕੱਲ੍ਹ ਸੋਨੀ ਟੀਵੀ ਦੇ ਇੰਡੀਅਨ ਆਈਡਲ-11 ਵਿਚ ਆਪਣੀ ਧਮਾਕੇਦਾਰ ਸਿੱਧੀ ਐਂਟਰੀ ਅਤੇ ਪੇਸ਼ਕਾਰੀ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੇ ਮਨਾਂ ਵਿਚ ਛਾ ਗਿਆ ਹੈ।


ਦੁਨੀਆ ਦੀਆਂ ਸਾਰੀਆਂ ਬੁਨਿਆਦੀ ਜਰੂਰਤਾਂ ਤੋਂ ਸੱਖਣਾ ਸੰਨੀ ਦਾ ਘਰ

ਆਪਣੇ ਸਵ. ਪਿਤਾ ਨਾਨਕ ਵਾਂਗ ਕਰੀਬ ਤਿੰਨ ਸਾਲ ਪਹਿਲਾਂ ਤਕ ਬਠਿੰਡਾ ਤੋਂ ਜੰਮੂ ਕਸ਼ਮੀਰ ਬੂਟ ਪਾਲਿਸ਼ ਕਰਨ ਵਾਲੇ ਸੰਨੀ ਦੇ ਘਰ ਦੇ ਮੂਹਰੇ ਉਸ ਦੀ ਮਾਂ ਦੀ ਬੈਲੂਨ ਵਾਲੀ ਰੇਹੜੀ ਖੜ੍ਹੀ ਹੈ। ਵਿਹੜੇ ਵਿਚ ਇਕ ਟੁੱਟੇ ਹੋਏ ਸੋਫ਼ੇ 'ਤੇ ਸੰਨੀ ਦਾ ਹਰਮੋਨੀਅਮ ਅਤੇ ਕੋਲ ਹੀ ਥੱਲੇ ਉਸ ਦਾ ਬੂਟ ਪਾਲਿਸ਼ ਕਰਨ ਵਾਲਾ ਬਕਸਾ ਪਿਆ ਹੈ। ਘਰ ਅੰਦਰ ਹੁਣੇ ਹੀ ਬਣਾਏ ਦੋ ਨਵੇਂ ਕਮਰੇ ਹਨ ਪਰ ਅਜੇ ਤਕ ਪਲਸਤਰ ਨਹੀਂ ਹੋਇਆ ਹੈ। ਘਰ ਵਿਚ ਨਾ ਬਾਥਰੂਮ ਹੈ ਅਤੇ ਨਾ ਹੀ ਰਸੋਈ। ਘਰ ਵਿਚ ਮਾਂ ਤੋਂ ਇਲਾਵਾ ਦੋ ਬੇਟੀਆਂ ਅਤੇ ਵੱਡੀ ਬੇਟੀ ਦੀਆਂ ਦੋ ਬੱਚੀਆਂ ਹਨ। ਸਾਰਾ ਦਿਨ ਬੈਲੂਨ ਵੇਚਣ ਜਾਂ ਮੰਗ ਕੇ ਲਿਆਉਣ ਤੋਂ ਬਾਅਦ ਚੁੱਲ੍ਹੇ 'ਤੇ ਖਾਣਾ ਬਣਦਾ ਹੈ ਪਰ ਸਾਰੀਆਂ ਬੁਨਿਆਦੀ ਸੁਵਿਧਾਵਾਂ ਤੋਂ ਸੱਖਣੇ ਇਸ ਘਰ ਦੇ ਸਾਰੇ ਮੈਂਬਰਾਂ ਦੀਆਂ ਅੱਖਾਂ ਅੱਜ ਕੱਲ੍ਹ ਚਮਕ ਰਹੀਆਂ ਹਨ।


ਘਰ ਦੇ ਗੁਜ਼ਾਰੇ ਲਈ ਵਿਆਹਾਂ ਸਮੇਂ ਪਿਤਾ ਅਤੇ ਦਾਦੀ ਵੀ ਗਾ ਕੇ ਮੰਗਦੇ ਸਨ

ਕਦੇ ਲੋਕਾਂ ਦੇ ਘਰਾਂ ਤੋਂ, ਕਦੇ ਵਿਆਹ ਸਾਦੀਆਂ ਵਿਚ ਮੰਗ ਕੇ ਤੇ ਕਦੇ ਸਾਰੇ ਸ਼ਹਿਰ ਵਿਚ ਗੁਬਾਰੇ ਵੇਚ ਕੇ ਜੀਵਨ ਬਸਰ ਕਰਨ ਵਾਲੀ ਸੰਨੀ ਦੀ ਮਾਂ ਸੋਮਾ ਕਹਿੰਦੀ ਹੈ ਕਿ ਉਸ ਨੇ ਬਹੁਤ ਦੁੱਖ ਝੱਲੇ ਹਨ। ਸੰਨੀ ਦੇ ਪਿਤਾ ਨਾਨਕ ਦੀ ਪੰਜ ਸਾਲ ਪਹਿਲਾਂ ਜੰਮੂ ਕਸ਼ਮੀਰ ਵਿਚ ਮੌਤ ਹੋ ਗਈ ਸੀ। ਉਹ ਗਰਮੀਆਂ ਦੇ ਦਿਨ੍ਹਾਂ 'ਚ ਜੰਮੂ ਕਸ਼ਮੀਰ ਬੂਟ ਪਾਲਿਸ਼ ਕਰਨ ਜਾਇਆ ਕਰਦੇ ਸਨ। ਹੁਣ ਸ਼ਾਇਦ ਪ੍ਰਮਾਤਮਾ ਨੇ ਉਨ੍ਹਾਂ ਦੀ ਸੁਣ ਲਈ ਹੈ। ਖ਼ੁਸ਼ੀ ਦੀ ਕੋਈ ਸੀਮਾ ਨਹੀਂ ਹੈ। ਸੋਮਾ ਅਨੁਸਾਰ ਸੰਨੀ ਦੀ ਦਾਦੀ ਮੀਰਾ ਅਤੇ ਪਿਤਾ ਨਾਨਕ ਵੀ ਵਿਆਹ ਸਾਦੀਆਂ ਸਮੇਂ ਗਾ ਕੇ ਖਾਣ ਦਾ ਜੁਗਾੜ ਕਰਦੇ ਸਨ। ਸੰਨੀ ਦੀ ਭੈਣ ਸਖੀਨਾ ਵੀ ਇਸੇ ਤਰ੍ਹਾਂ ਹੀ ਗਾਉਂਦੀ ਸੀ। ਤੂੰ ਸੱਜਣਾ ਰੱਬ ਦੇ ਨਾ ਵਰਗਾ, ਆਉਂਦੇ ਜਾਂਦੇ ਸਾਹ ਵਰਗਾ..ਗੀਤ ਸੁਣਾਉਂਦੀ ਹੋਈ ਸਖੀਨਾ ਦੱਸਦੀ ਹੈ ਕਿ ਸੰਨੀ ਕਿਹਾ ਕਰਦਾ ਸੀ ਕਿ ਮੈਂ ਇਕ ਦਿਨ ਐਸਾ ਕੰਮ ਕਰੂੰਗਾ, ਜਿਸ ਨਾਲੀ ਪੈਸਾ ਵੀ ਆਵੇਗਾ ਅਤੇ ਨਾਮ ਵੀ ਹੋਵੇਗਾ।...ਸਾਇਦ ਉਹ ਦਿਨ ਆ ਗਿਆ ਹੈ। ਸੰਨੀ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਸੌਕ ਰਿਹਾ ਹੈ। ਉਹ ਸਵੇਰ ਵੇਲੇ ਬੂਟ ਪਾਲਿਸ਼ ਕਰਕੇ ਵਾਪਸ ਘਰ ਆਕੇ ਵੀ ਰਾਤ ਨੂੰ ਰਿਆਜ਼ ਕਰਦਾ ਸੀ। ਮੋਬਾਇਨ ਫੋਨ 'ਤੇ ਹੀ ਗਾਣੇ ਦੇਖ ਅਤੇ ਸੁਣਕੇ। ਗੁਰੂ ਕੋਈ ਨਹੀਂ ਬਣਾਇਆ ਹੈ।


ਗਾਇਕਾ ਨੇਹਾ ਕੱਕੜ ਨੇ ਦਿੱਤੇ ਸੰਨੀ ਨੂੰ ਇਕ ਲੱਖ ਰੁਪਏ

ਸਿਰਫ਼ ਛੇ ਪਾਸ 21 ਸਾਲਾ ਸੰਨੀ ਦਾ ਬੇਸ਼ੱਕ ਇੰਡੀਅਨ ਆਈਡਲ ਵਿਚ ਸਫ਼ਰ ਹੁਣੇ ਸ਼ੁਰੂ ਹੀ ਹੋਇਆ ਹੈ ਅਤੇ ਇਸ ਸਫਰ ਸਮੇਂ ਆਉਣ ਵਾਲੇ ਪੜਾਵਾਂ ਵਿਚ ਕੀ ਹੋਣ ਵਾਲਾ ਹੈ, ਅਜੇ ਕਿਸੇ ਨੂੰ ਵੀ ਨਹੀਂ ਪਤਾ ਪਰ ਉਸ ਦੀ ਧਮਾਕੇਦਾਰ ਪੇਸ਼ਕਾਰੀ ਨੇ ਜਿੱਥੇ ਚੁਣਨ ਵਾਲੇ ਸੰਗੀਤਕਾਰ ਅਨੂ ਮਲਿਕ, ਵਿਸ਼ਾਲ ਡਡਲਾਨੀ ਅਤੇ ਗਾਇਕਾ ਨੇਹਾ ਕੱਕੜ ਨੂੰ ਝੰਝੋੜ ਕੇ ਰੱਖ ਦਿੱਤਾ ਹੈ, ਉਥੇ ਸਾਰੇ ਦੇਸ਼ ਵਿਚ ਚਾਰੇ ਪਾਸੇ ਉਸ ਵਲੋਂ ਗਾਏ ਗੀਤ ਦੀ ਚਰਚਾ ਹੋਈ ਪਈ ਹੈ। ਸੰਨੀ ਇਸ ਸ਼ੋਅ ਦਾ ਇਕ ਮਾਤਰ ਐਸਾ ਪ੍ਰਤੀਯੋਗੀ ਹੈ, ਜਿਸ ਨੂੰ ਚੋਣ ਕਰਨ ਵਾਲਿਆਂ ਨੇ ਸਿੱਧੇ ਗੋਲਡਨ ਮਾਈਕ ਦੇ ਕੇ ਥੀਏਟਰ ਰਾਉਂਡ ਲਈ ਚੁਣਿਆ ਹੈ। ਗਾਇਕਾ ਨੇਹਾ ਕੱਕੜ ਨੇ ਉਸ ਨੂੰ ਇਕ ਲੱਖ ਰੁਪਏ ਦੇ ਕੇ ਉਸ ਦੀ ਆਰਥਿਕ ਮੱਦਦ ਵੀ ਕੀਤੀ ਹੈ।

Posted By: Jagjit Singh