ਦੀਪਕ ਸ਼ਰਮਾ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਲਗਾਤਾਰ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਬਠਿੰਡਾ ਜੇਲ੍ਹ ਇਕ ਹੋਰ ਨਵੇਂ ਕਾਰਨਾਮੇ ਨੂੰ ਲੈ ਕੇ ਚਰਚਾ 'ਚ ਆ ਗਈ ਹੈ। ਇਸ ਵਾਰ ਜੇਲ੍ਹ ਵਿਚ ਵੱਖ-ਵੱਖ ਕੇਸਾਂ 'ਚ ਸਜ਼ਾ ਕੱਟ ਰਹੇ ਤਿੰਨ ਕੈਦੀਆਂ ਨੇ ਅੰਮ੍ਰਿਤਸਰ ਤੋਂ ਬਠਿੰਡਾ ਜੇਲ੍ਹ ਵਿਚ ਸ਼ਿਫਟ ਹੋਏ ਇਕ ਗੈਂਗਸਟਰ ਕੈਦੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਕੇ ਜੇਲ੍ਹ ਸੁਪਰਡੈਂਟ ਦੇ ਨਾਂ 'ਤੇ ਹਜ਼ਾਰਾਂ ਰੁਪਏ ਦੀ ਮੰਗ ਕੀਤੀ ਅਤੇ ਉਕਤ ਗੈਂਗਸਟਰ ਦੇ ਪਰਿਵਾਰ ਵਾਲਿਆਂ ਨੂੰ ਡਰਾ ਕੇ 15 ਹਜ਼ਾਰ ਰੁਪਏ ਪੇਟੀਐੱਮ ਰਾਹੀਂ ਆਪਣੇ ਖਾਤੇ ਵਿਚ ਵੀ ਪੁਆ ਲਏ। ਇਸ ਦਾ ਭੇਤ ਉਸ ਸਮੇਂ ਖੁਲਿ੍ਹਆ ਜਦੋਂ ਪੇਸ਼ੀ ਭੁਗਤਣ ਗਏ ਗੈਂਗਸਟਰ ਦੀ ਮਾਂ ਤੇ ਪਤਨੀ ਨੇ ਸਾਰੀ ਗੱਲ ਦੱਸੀ। ਗੈਂਗਸਟਰ ਨੇ ਦੱਸਿਆ ਕਿ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਵੱਲੋਂ ਉਸ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ ਅਤੇ ਜਿਸ ਸਮੇਂ ਰੁਪਏ ਮੰਗੇ ਗਏ ਉਹ ਕਪੂਰਥਲਾ ਦੀ ਜੇਲ੍ਹ 'ਚ ਬੰਦ ਸੀ।

ਥਾਣਾ ਕੈਂਟ ਪੁਲਿਸ ਨੂੰ ਭੇਜੇ ਪੱਤਰ 'ਚ ਸੁਰਿੰਦਰਪਾਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਬਠਿੰਡਾ ਨੇ ਦੱਸਿਆ ਕਿ ਗੈਂਗਸਟਰ ਕੈਦੀ ਹਰਪ੍ਰਰੀਤ ਸਿੰਘ ਉਰਫ਼ ਬਿੱਲਾ ਵਾਸੀ ਅੰਮਿ੍ਤਸਰ ਜੋ ਥਾਣਾ ਸਦਰ ਅੰਮਿ੍ਤਸਰ ਵਿਚ ਸਾਲ 2011 ਵਿਚ ਦਰਜ ਇਰਾਦਾ ਕਤਲ ਮਾਮਲੇ 'ਚ ਸੱਤ ਸਾਲ ਦੀ ਸਜ਼ਾ ਕੱਟ ਰਿਹਾ ਹੈ ਤੇ ਉਸ 'ਤੇ ਅੱਠ ਕੇਸ ਹੋਰ ਦਰਜ ਹਨ ਜੋ ਕਿ ਅਜੇ ਸੁਣਵਾਈ ਅਧੀਨ ਹਨ। ਉਹ ਬਠਿੰਡਾ ਜੇਲ੍ਹ ਦੀ ਸਕਿਓਰਿਟੀ ਬਲਾਕ ਵਿਚ ਬੰਦ ਹੈ। ਬੀਤੀ 14 ਫਰਵਰੀ ਨੂੰ ਉਹ ਇਕ ਕੇਸ ਵਿਚ ਕਪੂਰਥਲਾ ਪੇਸ਼ੀ ਭੁਗਤਣ ਲਈ ਗਿਆ ਸੀ, ਜਿੱਥੇ ਉਸ ਦੀ ਮਾਂ ਅਤੇ ਪਤਨੀ ਉਸ ਨੂੰ ਮਿਲਣ ਲਈ ਪਹੁੰਚੇ। ਇਸ ਮੌਕੇ ਗੈਂਗਸਟਰ ਹਰਪ੍ਰਰੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਬੀਤੀ 14 ਫਰਵਰੀ ਤੋਂ ਬਾਅਦ ਉਸ ਨੂੰ ਬਠਿੰਡਾ ਜੇਲ੍ਹ ਵਿਚ ਬੰਦ ਕੈਦੀ ਜਤਿੰਦਰ ਸਿੰਘ ਉਰਫ਼ ਪਾਲਾ ਵਾਸੀ ਨਥੂਆਣਾ ਜ਼ਿਲ੍ਹਾ ਮੋਗਾ, ਨਿਰਮਲ ਸਿੰਘ ਉਰਫ਼ ਚਿੱਠੀ ਵਾਸੀ ਪਥਰਾਲਾ ਜ਼ਿਲ੍ਹਾ ਬਠਿੰਡਾ ਅਤੇ ਕੈਦੀ ਲਛਮਣ ਸਿੰਘ ਵਾਸੀ ਪਿੰਡ ਆਲੀਕੇ ਜ਼ਿਲ੍ਹਾ ਬਠਿੰਡਾ ਨੇ ਆਪਣੇ ਮੋਬਾਈਲ ਤੋਂ ਕਈ ਵਾਰ ਫੋਨ ਕੀਤਾ ਅਤੇ ਦੱਸਿਆ ਕਿ ਹਰਪ੍ਰਰੀਤ ਸਿੰਘ ਨੂੰ ਬਠਿੰਡਾ ਜੇਲ੍ਹ ਸੁਪਰਡੈਂਟ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜੇਲ ਦੀ ਚੱਕੀ ਵਿਚ ਬੰਦ ਕਰ ਦਿੱਤਾ ਹੈ ਅਤੇ ਜੇਕਰ ਉਸ ਨੂੰ ਬਚਾਉਣਾ ਹੈ ਤਾਂ 30 ਹਜ਼ਾਰ ਰੁਪਏ ਜੇਲ੍ਹ ਸੁਪਰਡੈਂਟ ਨੂੰ ਦੇਣੇ ਹੋਣਗੇ, ਤਾਂ ਕਿ ਉਹ ਪੈਸੇ ਲੈ ਕੇ ਉਸ ਦੇ ਬੇਟੇ ਨੂੰ ਚੱਕੀ ਵਿਚੋਂ ਬਾਹਰ ਕੱਢ ਦੇਵੇ।

ਕਥਿਤ ਦੋਸ਼ੀਆਂ ਵੱਲੋਂ ਗੈਂਗਸਟਰ ਹਰਪ੍ਰਰੀਤ ਸਿੰਘ ਦੀ ਮਾਂ ਨੂੰ ਵਾਰ ਵਾਰ ਫੋਨ ਕਰ ਕੇ ਪੈਸੇ ਮੰਗਣ ਤੋਂ ਬਾਅਦ ਉਨ੍ਹਾਂ ਨੇ 15 ਹਜ਼ਾਰ ਰੁਪਏ ਪੇਟੀਐੱਮ ਰਾਹੀਂ ਉਕਤ ਕੈਦੀਆਂ ਦੇ ਖਾਤੇ ਵਿਚ ਪਾ ਦਿੱਤੇ। ਪੀੜਤ ਕੈਦੀ ਹਰਪ੍ਰਰੀਤ ਸਿੰਘ ਮੁਤਾਬਕ 15 ਹਜ਼ਾਰ ਰੁਪਏ ਲੈਣ ਤੋਂ ਬਾਅਦ ਦੋ ਦਿਨ ਬਾਅਦ ਦੁਬਾਰਾ ਤੋਂ ਉਕਤ ਕੈਦੀਆਂ ਨੇ ਉਸ ਦੀ ਮਾਂ ਨੂੰ ਫੋਨ ਕਰ ਕੇ 25 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ, ਜਦੋਂ ਕਿ ਉਸ ਨੇ ਪੇਸ਼ੀ ਦੌਰਾਨ ਆਪਣੀ ਮਾਂ ਨੂੰ ਦੱਸਿਆ ਕਿ ਨਾ ਤਾਂ ਉਸ ਨਾਲ ਕਿਸੇ ਵੀ ਜੇਲ੍ਹ ਅਧਿਕਾਰੀ ਨੇ ਕੋਈ ਮਾਰਕੁੱਟ ਕੀਤੀ ਅਤੇ ਨਾ ਹੀ ਕਿਸੇ ਨੇ ਕੋਈ ਪੈਸੇ ਮੰਗੇ ਹਨ, ਜਦੋਂ ਕਿ ਉਹ ਪਿਛਲੀ 14 ਫਰਵਰੀ ਤੋਂ ਕਪੂਰਥਲਾ ਜੇਲ੍ਹ ਵਿਚ ਬੰਦ ਹੈ।

ਉਧਰ ਮਾਮਲੇ ਦੇ ਜਾਂਚ ਅਧਿਕਾਰੀ ਅਤੇ ਥਾਣਾ ਕੈਂਟ ਦੇ ਏਐੱਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਬਠਿੰਡਾ ਜੇਲ੍ਹ ਪ੍ਰਸਾਸ਼ਨ ਨੇ ਕੈਦੀ ਜਤਿੰਦਰ ਸਿੰਘ, ਨਿਰਮਲ ਸਿੰਘ ਅਤੇ ਲਛਮਣ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਗਿਆ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਤਿੰਨਾਂ ਕੈਦੀਆਂ ਦੇ ਖ਼ਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਤਿੰਨਾਂ ਕੈਦੀਆਂ ਦਾ ਪ੍ਰਰੋਡਕਸ਼ਨ ਵਾਰੰਟ ਹਾਸਲ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕਰ ਕੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਜਾਣਗੇ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਕੋਲ ਜੇਲ੍ਹ ਅੰਦਰ ਮੋਬਾਈਲ ਫੋਨ ਕਿਵੇਂ ਪਹੁੰਚੇ ਅਤੇ ਉਨ੍ਹਾਂ ਨੇ ਕਿਹੜੇ ਕਿਹੜੇ ਲੋਕਾਂ ਨੂੰ ਫੋਨ ਕੀਤਾ ਸੀ।