ਸੰਜੀਵ ਸ਼ਰਮਾ, ਨਾਭਾ : ਬਠਿੰਡਾ ਪ੍ਰੈੱਸ ਕਲੱਬ ਅੱਗੇ ਨਾਭਾ ਜੇਲ੍ਹ ਸਬੰਧੀ ਮਿਲੇ ਧਮਕੀ ਭਰੇ ਪੱਤਰ ਦੇ ਮਾਮਲੇ 'ਚ ਏਡੀਜੀਪੀ ਜੇਲ੍ਹ ਨੇ ਸਹਾਇਕ ਸੁਪਰਡੈਂਟ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਜਸਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸੀਸੀਟੀਵੀ ਕੈਮਰੇ 'ਚ ਕੈਦਾ ਹੋਇਆ ਸੀ ਕਿ ਸਹਾਇਕ ਸੁਪਰਡੈਂਟ ਜਸਬੀਰ ਸਿੰਘ ਵਲੋਂ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਦੀ ਤਰੱਕੀ ਰੋਕਣ ਲਈ ਨਾਭਾ ਜੇਲ੍ਹ ਬਾਰੇ ਇਕ ਪੱਤਰ ਬਠਿੰਡਾ ਪ੍ਰੈੱਸ ਕਲੱਬ ਦੇ ਬਾਹਰ ਸੁੱਟਿਆ ਸੀ। ਫਿਲਹਾਲ ਜਸਬੀਰ ਸਿੰਘ 'ਚ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਸੁੱਟੇ ਗਏ ਪੱਤਰ 'ਚ ਲਿਖਿਆ ਸੀ ਕਿ ਅੱਤਵਾਦੀ ਸੁਰੰਗ ਰਾਹੀਂ ਨਾਭਾ ਜੇਲ੍ਹ 'ਚ ਹਥਿਆਰ ਲਿਆ ਕੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਹਨ। ਉਕਤ ਪੱਤਰ ਮਿਲਣ ਤੋਂ ਬਾਅਦ ਜਿੱਥੇ ਨਾਭਾ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ, ਉੱਥੇ ਹੀ ਪੰਜਾਬ ਪੁਲਿਸ ਤੇ ਖੁਫ਼ੀਆਂ ਏਜੰਸੀਆਂ ਚੌਕਸ ਹੋ ਗਈਆਂ ਸਨ। ਪੁਲਿਸ ਨੇ ਦੂਸਰੇ ਦਿਨ ਹੀ ਜੇਲ੍ਹ ਦੀ ਬਾਰੀਕੀ ਨਾਲ ਤਲਾਸ਼ੀ ਲਈ ਪਰ ਉੱਥੇ ਅਜਿਹਾ ਕੁਝ ਵੀ ਨਹੀਂ ਸੀ ਜਿਸ ਤੋਂ ਬਾਅਦ ਪੁਲਿਸ ਦਾ ਇਹ ਸ਼ੱਕ ਪੱਕਾ ਹੋ ਗਿਆ ਕਿ ਇਹ ਕਿਸੇ ਨੇ ਸ਼ਰਾਰਤ ਕੀਤੀ ਸੀ।

Posted By: Seema Anand