ਗੁਰਤੇਜ ਸਿੰਘ ਸਿੱਧੂ, ਬਠਿੰਡਾ : ਵੀਰਵਾਰ ਦੇਰ ਸ਼ਾਮ ਸ਼ਹਿਰ ਦੇ ਹੰਸ ਨਗਰ ਸਥਿਤ ਆਪਣੇ ਘਰ 'ਚ ਚਿੱਟੇ ਦਾ ਟੀਕਾ ਲਗਾਉਂਦੇ ਸਮੇਂ 21 ਸਾਲਾ ਨੌਜਵਾਨ ਬੇਹੋਸ਼ ਹੋ ਗਿਆ। ਨੌਜਵਾਨ ਦੇ ਕੋਲ ਇਕ ਸਰਿੰਜ ਅਤੇ ਟੀਕਾ ਵੀ ਪਿਆ ਸੀ। ਸੂਚਨਾ ਮਿਲਦੇ ਹੀ ਸ਼ਹਿਰ ਦੀ ਇਕ ਸਮਾਜਿਕ ਸੰਸਥਾ ਮੌਕੇ 'ਤੇ ਪਹੁੰਚੀ ਅਤੇ ਬੇਹੋਸ਼ੀ ਦੀ ਹਾਲਤ 'ਚ ਪਏ ਨੌਜਵਾਨ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਿਊਟੀ 'ਤੇ ਮੌਜੂਦ ਈਐਮਓ ਨੇ ਨੌਜਵਾਨ ਨੂੰ ਮਿ੍ਤਕ ਐਲਾਨ ਦਿੱਤਾ। ਇਸ ਤੋਂ ਬਾਅਦ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਜਿਵੇਂ ਹੀ ਉਨਾਂ੍ਹ ਨੂੰ ਪਤਾ ਲੱਗਾ ਕਿ ਉਸ ਦੇ ਲੜਕੇ ਦੀ ਮੌਤ ਹੋ ਗਈ ਹੈ, ਤਾਂ ਉਹ ਜ਼ਬਰਦਸਤੀ ਐਂਬੂਲੈਂਸ ਵਿੱਚੋਂ ਆਪਣੇ ਪੁੱਤਰ ਦੀ ਲਾਸ਼ ਕੱਢ ਕੇ ਮੋਢੇ 'ਤੇ ਰੱਖ ਹਸਪਤਾਲ ਦੇ ਬਾਹਰੋਂ ਟੈਂਪੂ ਲੈ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਈਐਮਓ ਨੇ ਮਾਮਲੇ ਦੀ ਸੂਚਨਾ ਸਿਵਲ ਹਸਪਤਾਲ ਦੀ ਪੁਲਿਸ ਚੌਂਕੀ ਅਤੇ ਥਾਣਾ ਕੈਨਾਲ ਕਲੋਨੀ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਮਿ੍ਤਕ ਦੇ ਘਰ ਪਹੁੰਚ ਕੇ ਉਸ ਦੀ ਲਾਸ਼ ਨੂੰ ਫਿਰ ਤੋਂ ਸਿਵਲ ਹਸਪਤਾਲ ਲੈ ਕੇ ਆ ਰਹੀ ਹੈ। ਦਰਅਸਲ ਵੀਰਵਾਰ ਦੇਰ ਸ਼ਾਮ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ੍ਰੀ ਹਨੂੰਮਾਨ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਸਥਾਨਕ ਹੰਸ ਨਗਰ ਗਲੀ ਨੰਬਰ 9 ਦਾ ਰਹਿਣ ਵਾਲਾ ਇਕ ਨੌਜਵਾਨ ਘਰ ਵਿਚ ਚਿੱਟੇ ਦਾ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਿਆ ਹੈ। ਸੂਚਨਾ ਮਿਲਣ 'ਤੇ ਐਂਬੂਲੈਂਸ ਇੰਚਾਰਜ ਤਰਸੇਮ ਗਰਗ ਨੇ ਮੌਕੇ 'ਤੇ ਪਹੁੰਚ ਕੇ ਬੇਹੋਸ਼ ਹੋਏ ਨੌਜਵਾਨ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਪਹੁੰਚਾਇਆ। ਜਿੱਥੇ ਡਿਊਟੀ 'ਤੇ ਮੌਜੂਦ ਈ.ਐਮ.ਓ ਡਾ.ਸਾਹਿਲ ਗੁਪਤਾ ਨੇ ਜਾਂਚ ਕਰਨ ਉਪਰੰਤ ਨੌਜਵਾਨ ਨੂੰ ਮਿ੍ਤਕ ਐਲਾਨ ਦਿੱਤਾ। ਇਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ। ਇਸ ਤੋਂ ਬਾਅਦ ਮਿ੍ਤਕ ਨੌਜਵਾਨ ਦੇ ਪਿਤਾ ਅਤੇ ਭਰਾ ਮੌਕੇ 'ਤੇ ਪਹੁੰਚੇ ਅਤੇ ਉਨਾਂ੍ਹ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰਦੇ ਹੋਏ ਲਾਸ਼ ਨੂੰ ਆਪਣੇ ਨਾਲ ਲੈ ਜਾਣ ਦੀ ਜ਼ਿੱਦ ਕੀਤੀ। ਇਸ ਤੋਂ ਬਾਅਦ ਉਸ ਨੇ ਜ਼ਬਰਦਸਤੀ ਲਾਸ਼ ਨੂੰ ਐਂਬੂਲੈਂਸ 'ਚੋਂ ਬਾਹਰ ਕੱਿਢਆ ਤੇ ਲਾਸ਼ ਨੂੰ ਮੋਢੇ 'ਤੇ ਰੱਖ ਕੇ ਹਸਪਤਾਲ 'ਚੋਂ ਬਾਹਰ ਆ ਗਏ, ਜਦਕਿ ਹਸਪਤਾਲ ਦੇ ਕਰਮਚਾਰੀਆਂ ਨੇ ਉਨਾਂ੍ਹ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਉਹ ਆਟੋ 'ਚ ਬੈਠ ਕੇ ਜਾ ਚੁੱਕੇ ਸਨ। ਹਸਪਤਾਲ ਦੇ ਈਐੱਮਓ ਡਾ: ਸਾਹਿਲ ਗੁਪਤਾ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਇਕ ਸੰਸਥਾ ਦਾ ਮੈਂਬਰ 22 ਸਾਲਾ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਪਹੁੰਚਿਆ ਪਰ ਇਸ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਲਾਸ਼ ਲੈ ਕੇ ਹਸਪਤਾਲ 'ਚੋਂ ਭੱਜ ਗਏ, ਜਦਕਿ ਲਾਸ਼ ਨੂੰ ਮੁਰਦਾਘਰ 'ਚ ਰੱਖਣ ਲਈ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ। ਘਟਨਾ ਦੀ ਸੂਚਨਾ ਸਿਵਲ ਹਸਪਤਾਲ ਪੁਲਿਸ ਚੌਂਕੀ ਤੇ ਥਾਣਾ ਕੈਨਾਲ ਕਾਲੋਨੀ ਨੂੰ ਦੇ ਦਿੱਤੀ ਹੈ। ਦੂਜੇ ਪਾਸੇ ਥਾਣਾ ਕੈਨਾਲ ਕਾਲੋਨੀ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਭਾਟੀ ਦਾ ਕਹਿਣਾ ਹੈ ਕਿ ਲਾਸ਼ ਨੂੰ ਘਰੋਂ ਚੁੱਕ ਕੇ ਵਾਪਸ ਹਸਪਤਾਲ ਦੇ ਮੁਰਦਾਘਰ ਵਿਚ ਲਿਜਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾਵੇਗੀ।