ਹਰਕ੍ਰਿਸ਼ਨ ਸ਼ਰਮਾ, ਬਠਿੰਡਾ :

ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਿਢੱਲੋਂ ਦੀ ਅਗਵਾਈ ਹੇਠ ਆਈਜੀ ਜ਼ੋਨ ਬਠਿੰਡਾ ਜਸਕਰਨ ਸਿੰਘ ਅਤੇ ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਾਈ ਗਈ।

ਇਸ ਮੌਕੇ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਦੂਜੀ ਡੋਜ਼ 28 ਦਿਨਾਂ ਬਾਅਦ ਲਾਈ ਜਾਂਦੀ ਹੈ ਅਤੇ ਇਹ ਸੈਕਿੰਡ ਡੋਜ਼ ਲਗਵਾਉਣੀ ਅਤੀ ਜ਼ਰੂਰੀ ਹੈ। ਉਸ ਤੋਂ ਬਾਅਦ ਹੀ ਟੀਕਾਕਰਨ ਸੰਪੂਰਨ ਹੋਣ 'ਤੇ ਸਰਟੀਫਿਕੇਟ ਜਾਰੀ ਹੋ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਕੋਵਿਡ-19 ਵੈਕਸੀਨ ਦਾ ਟੀਕਾਕਰਨ ਕਰਵਾਉਣ ਲਈ ਲਾਭਪਾਤਰੀ ਘਰ ਬੈਠੇ ਹੀ ਤੇ ਖੁਦ ਰਜਿਸਟਰ ਕਰਨ ਉਪਰੰਤ ਟੀਕੇ ਲਈ ਸਥਾਨ ਅਤੇ ਮਿਤੀ ਚੁਣ ਸਕਦਾ ਹੈ।

ਆਈ.ਜੀ. ਜ਼ੋਨ ਬਠਿੰਡਾ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਰੁਬਰੂ ਹੁੰਦਿਆਂ ਕਿਹਾ ਕਿ ਇਹ ਵੈਕਸੀਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰੇਕ ਵਿਅਕਤੀ ਨੂੰ ਲਗਵਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਇਸ ਬਿਮਾਰੀ ਦੀ ਲਾਗ ਤੋਂ ਸਮਾਜ ਨੂੰ ਸੁਰੱਖਿਅਤ ਕਰ ਸਕੀਏ। ਹਰ ਇਕ ਫਰੰਟਲਾਈਨ ਵਰਕਰ ਨੂੰ ਵੀ ਇਹ ਵੈਕਸੀਨ ਲਗਵਾਉਣੀ ਚਾਹੀਦੀ ਹੈ ਕਿਉਂਕਿ ਫਰੰਟਲਾਈਨ ਵਰਕਰ ਅਗਲੀ ਕਤਾਰ 'ਚ ਆਮ ਪਬਲਿਕ ਨਾਲ ਵਿਚਰਦੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਵੱਧ ਜਾਂਦਾ ਹੈ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮੀਨਾਕਸ਼ੀ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ 'ਚ ਹੁਣ ਤਕ 9 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ 1 ਮਾਰਚ ਤੋਂ 60 ਸਾਲ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਅਤੇ 45 ਸਾਲ ਤੋਂ ਵੱਧ ਉਮਰ ਦੇ ਗੰਭੀਰ ਬਿਮਾਰੀਆਂ ਨਾਲ ਗ੍ਸਤ ਵਿਅਕਤੀਆਂ ਨੂੰ ਵੈਕਸੀਨ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਉਨ੍ਹਾਂ ਵੈਕਸੀਨ ਲਗਵਾਉਣ ਦੇ ਇੱਛੁਕ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵੈਕਸੀਨ ਲਗਵਾਉਣ ਸਮੇਂ ਆਪਣਾ ਸ਼ਨਾਖਤੀ ਕਾਰਡ ਲੈ ਕੇ ਆਉਣ ਤਾਂ ਜੋ ਕਿਸੇ ਕਿਸਮ ਦੀ ਦਿੱਕਤ ਨਾ ਪੇਸ਼ ਆਵੇ।

ਉਨ੍ਹਾਂ ਨੇ ਇਸ ਮੌਕੇ ਕੋਵਿਡ -19 ਸਬੰਧੀ ਹਦਾਇਤਾਂ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖਣ ਲਈ ਵੀ ਪ੍ਰਰੇਰਿਤ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ.ਮਨਿੰਦਰ ਪਾਲ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਨਰਿੰਦਰ ਕੁਮਾਰ ਜ਼ਿਲ੍ਹਾ ਬੀ.ਸੀ.ਸੀ, ਪਵਨਜੀਤ ਕੌਰ ਬੀ.ਈ.ਈ ਅਤੇ ਗੋਪਾਲ ਰਾਏ ਵੀ ਮੌਜੂਦ ਸਨ।