ਦੀਪਕ ਸ਼ਰਮਾ, ਬਠਿੰਡਾ : ਥਾਣਾ ਕੋਤਵਾਲੀ ਦੀ ਪੁਲਿਸ ਨੇ ਰਾਤ ਸਮੇਂ ਇਕੱਲੇ ਜਾ ਰਹੇ ਡਰਾਈਵਰ ਜਾਂ ਰਾਹਗੀਰ ਨੂੰ ਮਦਦ ਲਈ ਰਸਤੇ 'ਚ ਰੋਕ ਕੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਉਕਤ ਪਤੀ-ਪਤਨੀ ਨੂੰ ਗਿ੍ਫਤਾਰ ਕਰ ਲਿਆ ਹੈ। ਫੜੇ ਗਏ ਜੋੜੇ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਪੁੱਛਗਿੱਛ ਦੇ ਆਧਾਰ 'ਤੇ ਇਨਾਂ੍ਹ ਦੇ ਹੋਰ ਸਾਥੀਆਂ ਦੀ ਪਛਾਣ ਕਰਕੇ ਗਿ੍ਫਤਾਰ ਕੀਤਾ ਜਾ ਸਕੇ। ਜ਼ਕਿਰਯੋਗ ਹੈ ਕਿ ਲੰਘੀ 26 ਸਤੰਬਰ ਨੂੰ ਅਮਜਦ ਖਾਨ ਵਾਸੀ ਗੋਨਿਆਣਾ ਰੋਡ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦੱਸਿਆ ਸੀ ਕਿ ਉਹ 25 ਸਤੰਬਰ ਦੀ ਰਾਤ ਨੂੰ ਬੱਸ ਸਟੈਂਡ ਨੇੜੇ ਤੋਂ ਆਪਣੀ ਸਕੂਟੀ 'ਤੇ ਜਾ ਰਿਹਾ ਸੀ। ਇਸ ਦੌਰਾਨ ਇਕ ਅੌਰਤ ਵੀਰਪਾਲ ਕੌਰ ਵਾਸੀ ਮਹਿਣਾ ਚੌਕ ਨੇ ਉਸ ਨੂੰ ਰੋਕ ਲਿਆ ਤਾਂ ਉਹ ਅੌਰਤ ਦੀ ਮਦਦ ਕਰਨ ਲਈ ਰੁਕ ਗਿਆ। ਇਸ ਦੌਰਾਨ ਅੌਰਤ ਦਾ ਪਤੀ ਅਮਨਦੀਪ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀ ਉਥੇ ਪਹੁੰਚ ਗਏ ਅਤੇ ਉਸ ਦਾ ਹੱਥ ਫੜ ਕੇ ਕਿਹਾ ਕਿ ਉਹ ਅੌਰਤ ਨਾਲ ਛੇੜਛਾੜ ਕਰ ਰਿਹਾ ਹੈ। ਇਸ ਤੋਂ ਬਾਅਦ ਉਕਤ ਵਿਅਕਤੀ ਮੋਬਾਇਲ ਫੋਨ 'ਤੇ ਉਸ ਦੀ ਵੀਡੀਓ ਬਣਾਉਣ ਲੱਗੇ ਅਤੇ ਧਮਕੀਆਂ ਦੇਣ ਲੱਗੇ ਕਿ ਉਹ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਚ ਵਾਇਰਲ ਕਰ ਦੇਵੇਗਾ। ਇਸ ਦੇ ਲਈ ਉਹ ਪੈਸੇ ਦੀ ਮੰਗ ਕਰਨ ਲੱਗਾ। ਪੀੜਤ ਅਨੁਸਾਰ ਮੌਕੇ 'ਤੇ ਉਸ ਦੀ ਜੇਬ ਵਿਚ ਦੋ ਹਜ਼ਾਰ ਰੁਪਏ ਸਨ, ਜੋ ਮੁਲਜ਼ਮਾਂ ਨੇ ਉਸ ਕੋਲੋਂ ਖੋਹ ਲਏ ਅਤੇ ਉਸ ਨੂੰ ਹੋਰ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਅਜਿਹਾ ਨਾ ਕਰਨ 'ਤੇ ਝੂਠਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਇਸ ਮਾਮਲੇ 'ਚ ਪੁਲਿਸ ਨੇ ਦੋਸ਼ੀ ਪਤੀ-ਪਤਨੀ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਸਬੰਧ 'ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਸ਼ੀ ਪਤੀ ਅਮਨਦੀਪ ਸਿੰਘ ਅਤੇ ਪਤਨੀ ਵੀਰਪਾਲ ਕੌਰ ਨੂੰ ਗਿ੍ਫਤਾਰ ਕਰ ਲਿਆ ਤੇ ਬਾਕੀ ਦੇ ਮੁਲਜ਼ਮਾਂ ਦੀ ਭਾਲ ਜਾਰੀ ਹੈ।