ਪੱਤਰ ਪੇ੍ਰਰਕ, ਬਠਿੰਡਾ :

ਧੋਬੀਆਣਾ ਬਸਤੀ ਗਲੀ ਨੰਬਰ 1/3 ਵਿਚ ਇਕ ਮਕਾਨ ਵਿਚ ਰਹਿ ਰਹੇ ਪਤੀ-ਪਤਨੀ ਵੱਲੋਂ ਲਾਏ ਦੋਸ਼ਾਂ 'ਤੇ ਮਕਾਨ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਗਿਆਨ ਜਿੰਦਲ ਨੇ ਕਿਹਾ ਕਿ ਉਕਤ ਪਤੀ-ਪਤਨੀ ਮਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਸ 'ਤੇ ਝੂਠੇ ਦੋਸ਼ ਲਾ ਰਹੇ ਹਨ। ਚਿਲਡਰਨ ਪਾਰਕ ਵਿਚ ਪ੍ਰਰੈੱਸ ਕਾਨਫ਼ਰੰਸ ਦੌਰਾਨ ਗਿਆਨ ਜਿੰਦਲ ਨੇ ਕਿਹਾ ਕਿ ਉਸ ਦੇ ਨਾਲ ਇਕ ਪਤੀ-ਪਤਨੀ ਨੇ ਜੂਨ 2020 ਵਿਚ ਧੋਬੀਆਣਾ ਬਸਤੀ ਗਲੀ ਨੰਬਰ 1/3 ਵਿਚ ਸਥਿਤ ਉਸ ਦੇ ਮਕਾਨ ਦਾ ਸੌਦਾ ਕੀਤਾ ਸੀ। ਮਕਾਨ ਦਾ ਸੌਦਾ ਸਾਢੇ ਛੇ ਲੱਖ ਰੁਪਏ ਵਿਚ ਹੋਇਆ ਸੀ। ਪਤੀ-ਪਤਨੀ ਨੇ ਉਸ ਨੂੰ ਤਿੰਨ ਲੱਖ ਰੁਪਏ ਦੇ ਦਿੱਤੇ ਸਨ ਜਦੋਂ ਕਿ ਬਾਕੀ ਦੇ ਪੈਸੇ ਦੇਣ ਲਈ ਦਿਨ ਤੈਅ ਕੀਤੇ ਗਏ ਸਨ ਪਰ ਤੈਅ ਸਮੇਂ 'ਤੇ ਉਕਤ ਪਤੀ-ਪਤਨੀ ਨੇ ਉਸ ਦੇ ਪੈਸੇ ਨਹੀਂ ਦਿੱਤੇ ਅਤੇ ਉਸ ਨੇ ਮਕਾਨ ਪਤੀ-ਪਤਨੀ ਦੇ ਨਾਮ ਨਹੀਂ ਕਰਵਾਇਆ। ਗਿਆਨ ਜਿੰਦਲ ਨੇ ਕਿਹਾ ਕਿ ਹੁਣ ਉਕਤ ਪਤੀ-ਪਤਨੀ ਪੈਸੇ ਦੇਣ ਤੋਂ ਮੁਕਰ ਰਹੇ ਹਨ ਅਤੇ ਮਕਾਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਕਾਰਨ ਹੀ ਉਹ ਉਸ 'ਤੇ ਝੂਠੇ ਦੋਸ਼ ਲਾ ਰਹੇ ਹਨ। ਗਿਆਨ ਜਿੰਦਲ ਨੇ ਕਿਹਾ ਕਿ ਪਿਛਲੇ ਦਿਨੀਂ ਉਕਤ ਪਤੀ-ਪਤਨੀ ਨੇ ਉਸ ਨੂੰ ਕਾਂਗਰਸ ਆਗੂ ਦੱਸਦੇ ਹੋਏ ਉਸ 'ਤੇ ਗ਼ਲਤ ਦੋਸ਼ ਲਾਏ ਸਨ, ਜਦੋਂ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਨਹੀਂ ਹੈ ਅਤੇ ਇਕ ਸਮਾਜ ਸੇਵੀ ਹੈ। ਗਿਆਨ ਜਿੰਦਲ ਨੇ ਕਿਹਾ ਕਿ ਉਕਤ ਪਤੀ-ਪਤਨੀ ਨਾ ਤਾਂ ਹੁਣ ਉਸ ਦੇ ਪੈਸੇ ਦੇ ਰਹੇ ਹਨ ਅਤੇ ਨਾ ਹੀ ਮਕਾਨ ਤੋਂ ਕਬਜ਼ਾ ਛੱਡ ਰਹੇ ਹਨ। ਉਕਤ ਪਤੀ-ਪਤਨੀ ਮਕਾਨ 'ਤੇ ਕਬਜ਼ਾ ਕਰਨ ਲਈ ਉਸ 'ਤੇ ਕੋਈ ਵੀ ਦੋਸ਼ ਲਾ ਸਕਦੇ ਹਨ, ਇਸ ਲਈ ਹੁਣ ਉਹ ਆਪਣੇ ਪੈਸੇ ਮੰਗਣ ਲਈ ਵੀ ਨਹੀਂ ਜਾ ਰਿਹਾ। ਉਹ ਇਸ ਸਬੰਧ ਵਿਚ ਕਾਰਵਾਈ ਕਰਨ ਲਈ ਜਲਦੀ ਹੀ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇਵੇਗਾ।