ਖੇਤਰੀ ਪ੍ਰਤੀਨਿਧ, ਬਠਿੰਡਾ : ਬਠਿੰਡਾ ਪੁਲਿਸ ਨੇ ਅਲੱਗ-ਅਲੱਗ ਜਗ੍ਹਾ 'ਤੇ ਚਾਰ ਵਿਅਕਤੀਆਂ ਨੂੰ 245 ਲੀਟਰ ਲਾਹਣ ਸਮੇਤ ਕਾਬੂ ਕਰਕੇ ਚਾਰ ਵੱਖ ਵੱਖ ਥਾਣਿਆਂ 'ਚ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਥਾਣਾ ਦਿਆਲਪੁਰਾ ਦੇ ਜਾਂਚ ਅਧਿਕਾਰੀ ਹੌਲਦਾਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਅੰਮਿ੍ਤਪਾਲ ਸਿੰਘ ਵਾਸੀ ਬੁਰਜ ਲੱਧਾ ਸਿੰਘ ਵਾਲਾ ਨੂੰ 150 ਲੀਟਰ ਲਾਹਣ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਇਲਾਵਾ ਥਾਣਾ ਬਾਲਿਆਂਵਾਲੀ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਵਾਸੀ ਬਾਲਿਆਂਵਾਲੀ ਕੋਲੋਂ 25 ਲੀਟਰ ਲਾਹਣ, 1 ਬੋਤਲ ਸ਼ਰਾਬ ਨਾਜਾਇਜ਼ ਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਬਾਲਿਆਂਵਾਲੀ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਭੂੰਦੜ 'ਚ ਜਲਵਿੰਦਰ ਸਿੰਘ ਵਾਸੀ ਭੂੰਦੜ ਕੋਲੋਂ 50 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਤੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦੋਂਕਿ ਲਹਿਰਾ ਧੂਰਕੋਟ ਤੋਂ 20 ਲੀਟਰ ਲਾਹਣ ਸਮੇਤ ਬਿੰਦਰ ਸਿੰਘ ਵਾਸੀ ਲਹਿਰਾ ਧੂਰਕੋਟ ਨੂੰ ਕਾਬੂ ਕਰਕੇ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ।